ਬਾਲ ਵਿਆਹ ਕਰਵਾ ਰਹੇ ਜੋੜੇ ਨੂੰ ਰੋਕਿਆ, ਬਣਦੀ ਕਾਰਵਾਈ ਅਮਲ 'ਚ ਲਿਆਂਦੀ
ਸੁਖਮਿੰਦਰ ਭੰਗੂ
ਲੁਧਿਆਣਾ, 09 ਦਸੰਬਰ 2025
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਲੁਧਿਆਣਾ ਰਸ਼ਮੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇੱਕ ਬਾਲ ਵਿਆਹ ਕਰਵਾ ਰਹੇ ਜੋੜੇ ਦਾ ਵਿਆਹ ਰੋਕਦਿਆਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਚਾਈਲਡ ਹੈਲਪਲਾਈਨ, ਲੁਧਿਆਣਾ 'ਤੇ ਬਾਲ ਵਿਆਹ ਦੇ ਸਬੰਧ ਵਿੱਚ ਐਮ.ਪੀ. ਕਲੋਨੀ, ਜੁਗਿਆਣਾ, ਲੁਧਿਆਣਾ ਦੀ ਸ਼ਿਕਾਇਤ ਮਿਲੀ ਸੀ। ਇਸ ਸਬੰਧ ਵਿੱਚ ਟੀਮ ਵੱਲੋਂ ਧਾਰਮਿਕ ਸਥਾਨ 'ਤੇ ਪਹੁੰਚ ਕਰਕੇ ਬਾਲ ਵਿਆਹ ਨੂੰ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਵਿਆਹ ਕਰਵਾ ਰਹੇ ਲੜਕੇ ਦੀ ਉਮਰ ਸਿਰਫ 17 ਸਾਲ ਜਦਕਿ ਲੜਕੀ 19 ਸਾਲ ਦੀ ਹੈ। ਮਾਮਲਾ ਪੁਲਿਸ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਵੱਲੋਂ ਥਾਣਾ ਸਾਹਨੇਵਾਲ ਵਿਖੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਬਾਲ ਵਿਆਹ ਨੂੰ ਹੋਣ ਤੋਂ ਰੋਕਿਆ ਗਿਆ ਹੈ। ਲੜਕੇ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਉਸਨੂੰ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਾਲ ਘਰ ਵਿਖੇ ਅਗਲੇ ਹੁਕਮਾਂ ਤੱਕ ਸ਼ਿਫਟ ਕੀਤਾ ਗਿਆ। ਇਸ ਤੋਂ ਇਲਾਵਾ ਦੋਵੇਂ ਪਰਿਵਾਰਾਂ ਦੀ ਕਾਊਸਲਿੰਗ ਕਰਦਿਆਂ ਜਾਣੂੰ ਕਰਵਾਇਆ ਗਿਆ ਕਿ ਵਿਆਹ ਲਈ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਤੋਂ ਉਪਰ ਹੋਣੀ ਲਾਜ਼ਮੀ ਹੈ।
ਇਸ ਮੌਕੇ ਰੀਤੂ ਸੂਦ, ਕਿਰਨਦੀਪ ਕੌਰ, ਰਜਿੰਦਰ ਸਿੰਘ, ਪਰਮਜੀਤ ਕੌਰ, ਵਰਿੰਦਰ ਸਿੰਘ ਵੀ ਮੌਜੂਦ ਸਨ।