ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਪੰਜਾਬੀ ਅਤੇ ਏ.ਆਈ. ਸਬੰਧੀ ਦੋ ਰਿਫ਼ਰੈਸ਼ਰ ਪ੍ਰੋਗਰਾਮ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 9 ਦਸੰਬਰ 2025 :ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ,ਦੀ ਯੋਗ ਅਗਵਾਈ ਹੇਠ ਯੂਜੀਸੀ-ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਵੱਲੋਂ ਦੋ ਰਿਫ਼ਰੈਸ਼ਰ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਭਾਰਤ ਭਰ ਦੇ ਵੱਖ-ਵੱਖ ਅਕਾਦਮਿਕ ਅਦਾਰਿਆਂ ਨਾਲ ਸਬੰਧਿਤ 300 ਤੋਂ ਵੱਧ ਅਧਿਆਪਕ ਅਤੇ ਲਾਇਬ੍ਰੇਰੀਅਨ ਹਿੱਸਾ ਲੈ ਰਹੇ ਹਨ। ਅਧਿਆਪਕ ਸਿਖਲਾਈ ਕੇਂਦਰ ਵੱਲੋਂ ਪੰਜਾਬੀ ਵਿਭਾਗ ਅਤੇ ਯੂਨੀਵਰਸਿਟੀ ਲਾਇਬ੍ਰੇਰੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਹਨਾਂ ਦੋ ਆਨਲਾਈਨ ਰਿਫ਼ਰੈਸ਼ਰ ਪ੍ਰੋਗਰਾਮਾਂ ਦਾ ਉਦਘਾਟਨੀ ਸੈਸ਼ਨ 8 ਦਸੰਬਰ ਨੂੰ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਪ੍ਰਤਿਭਾਗੀਆਂ ਨੇ ਹਿੱਸਾ ਲਿਆ। ਸਿਖਲਾਈ ਕੇਂਦਰ ਦੇ ਡਾਇਰੈਕਟਰ ਡਾ. ਵਿਨੋਦ ਆਰੀਆ ਨੇ ਦੱਸਿਆ ਕਿ ਦੋ ਹਫ਼ਤੇ ਦੇ ਇਹ ਦੋਨੋਂ ਕੋਰਸ 8 ਤੋਂ 20 ਦਸੰਬਰ ਤੱਕ ਆਨਲਾਈਨ ਮਾਧਿਅਮ ਰਾਹੀਂ ਕਰਵਾਏ ਜਾ ਰਹੇ ਹਨ ਜਿਨ੍ਹਾਂ ਦਾ ਮਕਸਦ ਅਧਿਆਪਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਸਬੰਧਿਤ ਖੇਤਰਾਂ ਵਿੱਚ ਆ ਰਹੀਆਂ ਨਵੀਆਂ ਖੋਜਾਂ ਤੋਂ ਜਾਣੂ ਕਰਵਾਉਣਾ ਹੈ।
ਪੰਜਾਬੀ ਅਧਿਆਪਕਾਂ ਲਈ ਕਰਵਾਏ ਜਾ ਰਹੇ ਰਿਫ਼ਰੈਸ਼ਰ ਕੋਰਸ ਦਾ ਵਿਸ਼ਾ “ਪੰਜਾਬੀ ਅਧਿਐਨ ਅਤੇ ਅਧਿਆਪਨ: ਸਮਕਾਲੀ ਚੁਣੌਤੀਆਂ ਅਤੇ ਭਵਿੱਖੀ ਸੰਭਾਵਨਾਵਾਂ” ਹੈ, ਜਿਸ ਦਾ ਉਦਘਾਟਨੀ ਭਾਸ਼ਨ ਪੰਜਾਬੀ ਦੇ ਪ੍ਰਬੁੱਧ ਵਿਦਵਾਨ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਮਾਣਯੋਗ ਚਾਂਸਲਰ ਪ੍ਰੋ. ਡਾ. ਜਗਬੀਰ ਸਿੰਘ ਨੇ ਦਿੱਤਾ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਪ੍ਰਸੰਗ ਵਿੱਚ ਅਧਿਆਪਨ ਦੀਆਂ ਮੌਜੂਦਾ ਚੁਣੌਤੀਆਂ ਦੀ ਗੱਲ ਕਰਦੇ ਹੋਏ ਬਸਤੀਵਾਦੀ ਪ੍ਰਭਾਵਾਂ ਤੋਂ ਮੁਕਤ ਹੋਣ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਵੱਲ ਵੱਧਦੇ ਹੋਏ ਸਾਨੂੰ ਸਾਡੀਆਂ ਵਰਤਮਾਨ ਅਤੇ ਭਵਿੱਖੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਢਾਂਚੇ ਵਿੱਚ ਵੱਡੇ ਸੁਧਾਰ ਕਰਨ ਦੀ ਲੋੜ ਹੈ, ਜਿਸ ਵਿੱਚ ਜਾਗਰੂਕ ਅਤੇ ਜਗਿਆਸੂ ਅਧਿਆਪਕ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਦੇ ਉਦਘਾਟਨੀ ਭਾਸ਼ਨ ਤੋਂ ਪਹਿਲਾਂ ਇਸ ਸੈਸ਼ਨ ਵਿੱਚ ਡਾਇਰੈਕਟਰ ਡਾ. ਵਿਨੋਦ ਆਰੀਆ ਨੇ ਸਵਾਗਤੀ ਸ਼ਬਦ ਕਹੇ ਅਤੇ ਪੰਜਾਬੀ ਵਿਭਾਗ ਦੇ ਮੁਖੀ ਅਤੇ ਕੋਰਸ ਕੋਆਰਡੀਨੇਟਰ ਪ੍ਰੋ. ਰਮਨਪ੍ਰੀਤ ਕੌਰ ਨੇ ਰਿਫ਼ਰੈਸ਼ਰ ਦੇ ਵਿਸ਼ੇ ਸਬੰਧੀ ਜਾਣਕਾਰੀ ਦਿੱਤੀ। ਸੈਸ਼ਨ ਦੀ ਕਾਰਵਾਈ ਕੋ-ਕੋਆਰਡੀਨੇਟਰ ਡਾ. ਅਮਨਦੀਪ ਸਿੰਘ ਨੇ ਚਲਾਈ।
ਲਾਇਬ੍ਰੇਰੀ ਅਮਲੇ ਤੇ ਕੇਂਦਰਤ ਦੂਸਰੇ ਰਿਫ਼ਰੈਸ਼ਰ ਕੋਰਸ ਦਾ ਵਿਸ਼ਾ “ਸਮਾਰਟ ਇਨਫਰਮੇਸ਼ਨ ਸਿਸਟਮਜ਼: ਏ.ਆਈ. ਇਨ ਐਕਸ਼ਨ” ਹੈ, ਜਿਸ ਦੇ ਉਦਘਾਟਨੀ ਸੈਸ਼ਨ ਦੌਰਾਨ ਇਨਫਰਮੇਸ਼ਨ ਸਾਇੰਸ ਦੇ ਮਾਹਿਰ ਵਿਦਵਾਨ, ਡਾ. ਪਾਰਥਾਸਾਰਥੀ ਮੁਖੋਪਧਿਆਇ, ਪ੍ਰੋਫ਼ੈਸਰ, ਲਾਇਬ੍ਰੇਰੀ ਅਤੇ ਇਨਫਰਮੇਸ਼ਨ ਸਾਇੰਸ ਵਿਭਾਗ, ਕਲਿਆਣੀ ਯੂਨੀਵਰਸਿਟੀ ਅਤੇ ਇਨਫਲਿਬਨਿਟ ਸੈਂਟਰ, ਗਾਂਧੀਨਗਰ ਦੇ ਸਾਬਕਾ ਡਾਇਰੈਕਟਰ ਅਤੇ ਨੈਸ਼ਨਲ ਐਕਰੀਡੇਸ਼ਨ ਬੋਰਡ ਦੇ ਸਲਾਹਕਾਰ ਡਾ. ਜਗਦੀਸ਼ ਅਰੋੜਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਿੰਨ੍ਹਾਂ ਨੇ ਸੂਚਨਾ ਤਕਨਾਲੋਜੀ ਜਗਤ ਵਿੱਚ ਏ.ਆਈ. ਦੇ ਆਗਮਨ ਨਾਲ ਪੈਦਾ ਹੋ ਰਹੀਆਂ ਨਵੀਆਂ ਚੁਣੌਤੀਆਂ ਦੀ ਗੱਲ ਕੀਤੀ। ਉਦਘਾਟਨੀ ਭਾਸ਼ਨ ਤੋਂ ਪਹਿਲਾਂ ਅਸਿਸਟੈਂਟ ਲਾਇਬ੍ਰੇਰੀਅਨ ਅਤੇ ਕੋਰਸ ਕੋਆਰਡੀਨੇਟਰ ਡਾ. ਭੁਪਿੰਦਰ ਸਿੰਘ ਨੇ ਕੋਰਸ ਬਾਰੇ ਜਾਣਕਾਰੀ ਦਿੱਤੀ ਅਤੇ ਲਾਇਬ੍ਰੇਰੀ ਇੰਚਾਰਜ ਪ੍ਰੋ. ਰਾਜੇਸ਼ ਕੁਮਾਰ ਨੇ ਧੰਨਵਾਦੀ ਸ਼ਬਦ ਕਹੇ। ਇਹਨਾਂ ਦੋਵੇਂ ਰਿਫ਼ਰੈਸ਼ਰ ਕੋਰਸਾਂ ਵਿੱਚ ਅਗਲੇ ਦਿਨਾਂ ਵਿੱਚ ਬਹੁਤ ਸਾਰੇ ਮਾਹਿਰ ਵਿਸ਼ਾ-ਵਿਦਵਾਨ ਪ੍ਰਤਿਭਾਗੀਆਂ ਦੇ ਰੁਬਰੂ ਹੋਣਗੇ।