ਗੰਨਾ ਕਾਸ਼ਤਕਾਰ ਗੰਨੇ ਦੀ ਕਟਾਈ ਸਮੇਂ ਗੰਨੇ ਦੀ ਸਫਾਈ ਦਾ ਖਿਆਲ ਜ਼ਰੂਰ ਰੱਖਣ: ਕੇਨ ਕਮਿਸ਼ਨਰ
ਕਿਸੇ ਵੀ ਤਰਾਂ ਦੀ ਮੁਸ਼ਕਲ ਤੋਂ ਬਚਣ ਲਈ ਸਾਫ਼ ਗੰਨਾ ਹੀ ਖੰਡ ਮਿੱਲ ਵਿਚ ਲਿਆਂਦਾ ਜਾਵੇ
ਰੌਸ਼ਨ ਗੁਪਤਾ
ਬਟਾਲਾ, 7 ਦਸੰਬਰ ਇਸ ਵਾਰ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਗੰਨੇ ਦੇ ਖਰੀਦ ਮੁੱਲ ਵਿਚ ਪ੍ਰਤੀ ਕੁਇੰਟਲ 15/- ਵਾਧਾ ਕਰਕੇ ਖਰੀਦ ਮੁੱਲ 416/- ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ ਤਾਂ ਜੋਂ ਕਿਸਾਨਾਂ ਦਾ ਗੰਨੇ ਦੀ ਖੇਤੀ ਵੱਲ ਰੁਝਾਨ ਵਧਾਇਆ ਜਾ ਸਕੇ। ਇਸ ਸਬੰਧੀ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਅਤੇ ਮਾਣਯੋਗ ਪ੍ਰਬੰਧਕੀ ਸਕੱਤਰ (ਖ਼ੇਤੀਬਾੜੀ ) ਅਰਸ਼ਦੀਪ ਸਿੰਘ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੰਨੇ ਦੀ ਪ੍ਰਤੀ ਹੈਟੇਅਰ ਪੈਦਾਵਾਰ ਵਿਚ ਵਾਧਾ ਕਰਨ ,ਖੰਡ ਦੀ ਰਿਕਵਰੀ ਅਤੇ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਉਣ ਦੇ ਮੰਤਵ ਨਾਲ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਗੰਨਾ ਸ਼ਾਖਾ ਵਲੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੁਹਿੰਮ ਤਹਿਤ 'ਦੀ ਬਟਾਲਾ ਸਹਿਕਾਰੀ ਖੰਡ ਮਿਲ ਲਿਮਿਟਡ' ਜ਼ਿਲਾ ਗੁਰਦਾਸਪੁਰ ਵਿਚ ਗੰਨੇ ਦੀ ਪੜਾਈ ਦੇ ਕੰਮ ਦਾ ਜਾਇਜ਼ਾ ਲੈਣ ਲਈ ਗੰਨਾ ਕਮਿਸ਼ਨਰ ਪੰਜਾਬ, ਡਾ.ਅਮਰੀਕ ਸਿੰਘ ਵਲੋਂ ਦੌਰਾ ਕੀਤਾ ਗਿਆ ਤਾਂ ਜੋਂ ਜੇਕਰ ਕਿਤੇ ਕੋਈ ਕਮੀਂ ਹੋਵੇ ਤਾਂ ਉਸ ਨੂੰ ਦੂਰ ਕੀਤਾ ਜਾ ਸਕੇ।
ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਅਮਰੀਕ ਸਿੰਘ ਦੱਸਿਆ ਕਿ ਗੰਨੇ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਜ਼ਰੂਰੀ ਹੈ ਕਿ ਗੰਨੇ ਦੀ ਖੇਤੀ ਵਿੱਚ ਮਸ਼ੀਨੀ ਕਰਨ ਨੁੰ ਉਤਸ਼ਾਹਿਤ ਕੀਤਾ ਜਾਵੇ ਕਿਉਂਕਿ ਇਸ ਫ਼ਸਲ ਦੀ ਖੇਤੀ ਵਿੱਚ ਬਿਜਾਈ ਤੋਂ ਲੈ ਕੇ ਕਟਾਈ ਤੱਕ ਮਜ਼ਦੂਰਾਂ ਦੀ ਵੱਡੀ ਪੱਧਰ ਤੇ ਜ਼ਰੂਰਤ ਪੈਂਦੀ ਹੈ ਪ੍ਰੰਤੂ ਮਜ਼ਦੂਰਾਂ ਦੀ ਘਾਟ ਕਾਰਨ ਗੰਨਾ ਕਾਸ਼ਤਕਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗੰਨੇ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਚੌੜੀ ਵਿੱਥ ਵਿਧੀ ਅਪਣਾਉਣਾ ਸਮੇਂ ਦੀ ਮੁੱਖ ਜ਼ਰੂਰਤ ਹੈ ਅਤੇ ਇਸ ਤਕਨੀਕ ਨੂੰ ਅਪਣਾਉਣ ਲਈ ਲੋੜੀਂਦੀ ਮਸੀਨਰੀ ਜਿਵੇਂ ਕੰਬਾਈਨ ਹਾਰਵੈਸਟਰ , ਖੋਰੀ ਕੱਟ ਕੇ ਖੇਤ ਵਿਚ ਖਿਲਾਰਨ ਵਾਲੀ ਮਸ਼ੀਨ ਆਦਿ ਸਬਸਿਡੀ ਤੇ ਦਿੱਤੀ ਜਾਂਦੀ ਹੈ ਅਤੇ ਭਵਿਖ ਵਿਚ ਟਰੇਂਚਰ ,ਗੰਨਾ ਬੀਜਣ ਵਾਲੀ ਮਸ਼ੀਨ ਵੀ ਸਬਸਿਡੀ ਤੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਗੰਨੇ ਦੇ ਵਿਕਾਸ ਸਬੰਧੀ ਜੀ ਐਮ ਖੰਡ ਮਿੱਲ ਸ੍ਰੀਮਤੀ ਕਿਰਨਦੀਪ ਕੌਰ ਨਾਲ ਦਸੰਬਰ , ਜਨਵਰੀ ਦੌਰਾਨ ਕਰਵਾਏ ਜਾਣ ਵਾਲੇ ਆਨਲਾਈਨ ਅਤੇ ਆਫ ਲਾਈਨ ਸੈਮੀਨਾਰ ਦੇ ਸਫਲ ਆਯੋਜਨ ਬਾਰੇ ਵਿਉਂਤਬੰਦੀ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ ਤਾਂ ਜੋ ਝੋਨੇ ਹੇਠੋ ਰਕਬਾ ਕਢ ਕੇ ਚੌੜੀ ਵਿੱਥ ਵਿਧੀ ਅਪਣਾ ਕੇ ਗੰਨੇ ਦੀ ਫ਼ਸਲ ਹੇਠ ਰਕਬੇ ਵਿਚ ਵਾਧਾ ਕਰਨ ਲਈ ਕਿਸਾਨਾਂ ਨੁੰ ਪ੍ਰੇਰਿਤ ਕੀਤਾ ਜਾ ਸਕੇ ਅਤੇ ਪ੍ਰਤੀ ਹੈਕਟੇਅਰ ਗੰਨੇ ਦਾ ਉਤਪਾਦਨ ਅਤੇ ਖੰਡ ਦੀ ਰਿਕਵਰੀ ਵਿਚ ਵਾਧਾ ਵੀ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਦੌਰੇ ਦੌਰਾਨ ਕਿਸਾਨਾਂ ਵਲੋਂ ਲਿਆਂਦਾ ਗਿਆ ਗੰਨਾ ਅਤੇ ਮਿੱਲ ਵਿਚ ਗੰਨੇ ਦੀ ਪੜਾਈ ਉਪਰੰਤ ਜੂਸ ਦਾ ਬਰਿਕਸ, ਸੁਕਰੋਜ ਅਤੇ purity ਚੈਕ ਕੀਤੀ ਗਈ ਹੈ ਤਾਂ ਜੋਂ ਜੇਕਰ ਕਿਤੇ ਕੋਈ ਕਮੀਂ ਹੈ ਤਾਂ ਉਸ ਵਿੱਚ ਸੁਧਾਰ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਆਮ ਦੇਖਿਆ ਗਿਆ ਹੈ ਕਿ ਗੰਨੇ ਦੇ ਨਾਲ ਗੰਨੇ ਦੀ ਖੋਰੀ , ਪੂਲੇ ਬੰਨਣ ਲਈ ਵਰਤੀ ਗਈ ਖੋਰੀ ਅਤੇ ਆਗ ਆ ਰਿਹਾ ਹੈ ਜਿਸ ਕਾਰਨ ਖੰਡ ਮਿਲ ਵਲੋਂ ਮਜ਼ਬੂਰਨ ਕੱਟ ਲਗਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੁਗਰਕੈਨ ਕੰਟਰੋਲ ਆਰਡਰ 1966 (4ਏ)(iii) ਤਹਿਤ ਪ੍ਰਤੀ ਇਕ ਕੁਇੰਟਲ ਗੰਨੇ ਪਿੱਛੇ ਇਕ ਕਿਲੋ ਕਾਟ ਲਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮੂਹ ਸਹਾਇਕ ਗੰਨਾ ਵਿਕਾਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਗੰਨੇ ਦੇ ਤੋਲ ਦੇ ਨਾਲ ਨਾਲ ਸਮੇਂ ਸਮੇਂ ਤੇ ਬਾਈਡਿੰਗ ਮਟੀਰੀਅਲ ਵੀ ਚੈਕ ਕੀਤਾ ਜਾਵੇ ।
ਉਨ੍ਹਾਂ ਕਿਸਾਨਾਂ ਨੁੰ ਵੀ ਅਪੀਲ ਕੀਤੀ ਕਿ ਕਟਾਈ ਸਮੇਂ ਗੰਨੇ ਦੀ ਸਫਾਈ ਵੱਲ ਵੀ ਧਿਆਨ ਦੇਣ ਅਤੇ ਸਾਫ਼ ਗੰਨਾ ਹੀ ਮਿੱਲ ਵਿਚ ਲੈ ਕੇ ਆਉਣ ਤਾਂ ਜੋਂ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾਂ ਕਰਨਾ ਪਵੇ।
ਇਸ ਮੌਕੇ ਸਹਾਇਕ ਗੰਨਾ ਵਿਕਾਸ ਅਫ਼ਸਰ ਸ੍ਰੀਮਤੀ ਰੀਨੁ ਵਿਰਦੀ, ਮੁੱਖ ਗੰਨਾ ਵਿਕਾਸ ਅਫ਼ਸਰ ਸ੍ਰ ਪਵਿੱਤਰ ਸਿੰਘ ਬੱਲ , ਗੰਨਾ ਇੰਸਪੈਕਟਰ ਪ੍ਰਿਤ ਪਾਲ ਸਿੰਘ, ਖ਼ੇਤੀਬਾੜੀ ਵਿਕਾਸ ਅਫ਼ਸਰ ਮਿਸ ਗਗਨ ਕੌਰ,ਅਗਾਂਹਵਧੂ ਗੰਨਾ ਕਾਸ਼ਤਕਾਰ ਪਲਵਿੰਦਰ ਸਿੰਘ ਸਹਾਰੀ ਅਤੇ ਹੋਰ ਕਿਸਾਨ ਹਾਜ਼ਰ ਸਨ।