ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਦਾ ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਲੇਖਕ ਮਿੱਤਰਾਂ ਵੱਲੋਂ ਸਵਾਗਤ
ਹਰਦਮ ਮਾਨ
ਸਰੀ, 7 ਦਸੰਬਰ 2025-ਢਾਹਾਂ ਸਾਹਿਤ ਪੁਰਸਕਾਰ 2025 ਦੇ ਵੱਕਾਰੀ ਇਨਾਮ ਨਾਲ ਸਨਮਾਨਿਤ ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਬੀਤੇ ਦਿਨ ਗੁਲਾਟੀ ਪਬਲਿਸ਼ਰਜ਼ ਦੇ ਸਰੀ ਸਥਿਤ ਸਟੋਰ ਵਿਖੇ ਪਹੁੰਚੇ, ਜਿੱਥੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਬਹੁਪੱਖੀ ਲੇਖਕ ਮੋਹਨ ਗਿੱਲ ਅਤੇ ਸ਼ਾਇਰ ਹਰਦਮ ਮਾਨ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਇਨ੍ਹਾਂ ਲੇਖਕਾਂ ਨੇ ਭਗਵੰਤ ਰਸੂਲਪੁਰੀ ਨੂੰ ਢਾਹਾਂ ਸਾਹਿਤ ਐਵਾਰਡ ਲਈ ਮੁਬਾਰਕਬਾਦ ਦਿੱਤੀ। ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਭਗਵੰਤ ਰਸੂਲਪੁਰੀ ਦਾ ਨਾਂ ਅਧੁਨਿਕ ਪੰਜਾਬੀ ਕਹਾਣੀ ਦੇ ਸਰਗਰਮ ਅਤੇ ਸਮਰਪਿਤ ਰਚਨਾਕਾਰਾਂ ਵਿੱਚ ਸ਼ੁਮਾਰ ਹੈ। ਭਗਵੰਤ ਨੇ ਆਪਣੀਆਂ ਕਹਾਣੀਆਂ ਰਾਹੀਂ ਸਮਾਜਕ ਹਕੀਕਤਾਂ, ਮਨੁੱਖੀ ਸੰਬੰਧਾਂ ਅਤੇ ਮਨੋਵਿਗਿਆਨਕ ਗੁੰਝਲਾਂ ਨੂੰ ਬੇਹੱਦ ਸੁਚੱਜੇ ਢੰਗ ਨਾਲ ਉਭਾਰਿਆ ਹੈ। ਉਨ੍ਹਾਂ ਦੀ ਨਵੀਂ ਕਿਤਾਬ “ਡਿਲਿਵਰੀ ਮੈਨ” 2025 ਨੇ ਢਾਹਾਂ ਇਨਾਮ ਹਾਸਲ ਕਰ ਕੇ ਪੰਜਾਬੀ ਸਾਹਿਤ ਵਿੱਚ ਵੱਖਰੀ ਪਹਿਚਾਣ ਬਣਾਈ ਹੈ।
ਮੋਹਨ ਗਿੱਲ ਨੇ ਕਿਹਾ ਕਿ ਰਸੂਲਪੁਰੀ ਦਾ ਲਿਖਣ-ਅੰਦਾਜ਼ ਸਾਦਗੀ, ਗਹਿਰਾਈ ਅਤੇ ਰਚਨਾਤਮਕ ਸੂਝ ਦਾ ਸੁੰਦਰ ਮਿਲਾਪ ਹੈ, ਜੋ ਨਵੇਂ ਤੇ ਪੁਰਾਣੇ ਪਾਠਕਾਂ ਦੋਹਾਂ ਨੂੰ ਆਪਣੇ ਨਾਲ ਜੋੜਦਾ ਹੈ। ਹਰਦਮ ਮਾਨ ਨੇ ਕਿਹਾ ਕਿ ਭਗਵੰਤ ਦੀਆਂ ਕਹਾਣੀਆਂ ਵਿੱਚ ਅਧੁਨਿਕ ਸਮਾਜ ਅਤੇ ਜੀਵਨ ਦੇ ਬਹੁ-ਪਹਿਲੂਆਂ ਨੂੰ ਸੰਵੇਦਨਸ਼ੀਲਤਾ ਨਾਲ ਦਰਸਾਇਆ ਗਿਆ ਹੈ। ਭਗਵੰਤ ਰਸੂਲਪੁਰੀ ਨੇ ਵਡੇਰਾ ਮਾਣ ਦੇਣ ਲਈ ਲੇਖਕ ਮਿੱਤਰਾਂ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਕਿਤਾਬਾਂ ‘’ਡਿਲਿਵਰੀ ਮੈਨ’, ‘ਮਰਨ ਰੁੱਤ’ ਅਤੇ ‘ਤੀਜਾ ਨੇਤਰ’ ਲੇਖਕ ਦੋਸਤਾਂ ਨੂੰ ਭੇਟ ਕੀਤੀਆਂ।