ਸੰਤ ਫਰਾਂਸਿਸ ਸਕੂਲ ਬਟਾਲਾ ਵਿਖੇ ਕਿੰਡਰਗਾਰਟਨ ਦਿਵਸ ਧੂਮਧਾਮ ਨਾਲ ਮਨਾਇਆ ਗਿਆ
ਆਪਣੇ ਹੀ ਸਕੂਲ ਵਿੱਚ ਕਿੰਡਰਗਾਰਟਨ ਦਿਵਸ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਇਨ੍ਹਾਂ ਭਾਵਨਾਤਮਕ ਪਲਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ — ਇੰਜੀ. ਜਸਬੀਰ ਸਿੰਘ
ਰੋਹਿਤ ਗੁਪਤਾ
ਬਟਾਲਾ,1 ਦਸੰਬਰ
ਪ੍ਰਿੰਸੀਪਲ ਫਾਦਰ ਜਾਰਜ ਸਕਾਈਲਾਰਕ ਦੀ ਅਗਵਾਈ ਹੇਠ ਸੰਤ ਫਰਾਂਸਿਸ ਸਕੂਲ ਬਟਾਲਾ ਵਿਖੇ ਕਿੰਡਰਗਾਰਟਨ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਇਸੇ ਸਕੂਲ ਦੇ ਪੁਰਾਣੇ ਵਿਦਿਆਰਥੀ, ਜਿਨ੍ਹਾਂ ਨੇ ਲਗਭਗ ਤਿੰਨ ਦਹਾਕੇ ਪਹਿਲਾਂ ਮੈਟ੍ਰਿਕ ਪਾਸ ਕੀਤੀ ਸੀ, ਇੰਜੀ. ਜਸਬੀਰ ਸਿੰਘ (ਲੈਕਚਰਾਰ, ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ।
ਆਪਣੇ ਮਾਤਰ ਸੰਸਥਾਨ ਵਿੱਚ ਮੁੱਖ ਮਹਿਮਾਨ ਵਜੋਂ ਵਾਪਸੀ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਉਨ੍ਹਾਂ ਨਾਲ ਉਹਨਾਂ ਦੀ ਪਤਨੀ ਜੈਮੀਤ ਕੌਰ (ਰੀਡਰ, ਸਿਵਲ ਕੋਰਟ ਬਟਾਲਾ) ਅਤੇ ਬੇਟੀ ਨਿਹਚਲ ਕੌਰ ਜਿਸ ਨੇ ਇਸ ਸਕੂਲ ਤੋਂ ਹੀ ਦੱਸਵੀੰ ਕੀਤੀ ਸੀ ਨੇ ਵੀ ਇਸ ਮੌਕੇ ਨੂੰ ਆਪਣੀ ਹਾਜ਼ਰੀ ਨਾਲ ਸ਼ੋਭਿਤ ਕੀਤਾ।
ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਨੂੰ ਬੁਕੇ ਭੇਟ ਅਤੇ ਉਸ ਉਪਰੰਤ ਉਨ੍ਹਾਂ ਵੱਲੋਂ ਸ਼ਮ੍ਹਾ ਰੌਸ਼ਨ ਕਰ ਕੇ ਕੀਤੀ ਗਈ। ਪ੍ਰੋਗਰਾਮ ਦੌਰਾਨ ਨਰਸਰੀ, ਕੇ ਜੀ ਅਤੇ ਪਹਿਲੀ ਕਲਾਸ ਦੇ ਬੱਚਿਆਂ ਵੱਲੋਂ ਪਰੇਅਰ ਡਾਂਸ, ਵੈਲਕਮ ਸਪੀਚ, ਵੈਲਕਮ ਡਾਂਸ, ਗੋਆ ਡਾਂਸ, ਯੋਗਾ, ਐਜੂਕੇਸ਼ਨ ਐਕਟਸ, ਸਕੇਟਿੰਗ ਡਾਂਸ ਅਤੇ ਭੰਗੜਾ ਆਦਿ ਪ੍ਰਸਤੁਤ ਕੀਤੇ ਗਏ। ਬੱਚਿਆਂ ਦੀਆਂ ਕਲਾਤਮਕ ਅਤੇ ਵਿਸ਼ਵਾਸਪੂਰਨ ਪ੍ਰਸਤੁਤੀਆਂ ਨੇ ਹਾਜ਼ਰ ਦਰਸ਼ਕਾਂ ਦਾ ਦਿਲ ਜਿੱਤ ਲਿਆ ਅਤੇ ਪੂਰਾ ਹਾਲ ਤਾਲੀਆਂ ਨਾਲ ਗੂੰਜਦਾ ਰਿਹਾ।
ਇਸ ਮੌਕੇ ਸੰਬੋਧਨ ਕਰਦਿਆਂ ਇੰਜੀ. ਜਸਬੀਰ ਸਿੰਘ ਨੇ ਕਿਹਾ ਕਿ ਕਿੰਡਰਗਾਰਟਨ ਦਿਵਸ‘ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਾ ਉਨ੍ਹਾਂ ਲਈ ਬੇਹੱਦ ਮਾਣ ਦੀ ਗੱਲ ਹੈ ਅਤੇ ਇਸ ਭਾਵਨਾਤਮਕ ਅਨੁਭਵ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਲਗਭਗ ਤਿੰਨ ਦਹਾਕਿਆਂ ਬਾਅਦ ਆਪਣੇ ਹੀ ਸਕੂਲ ਵਿੱਚ ਮੁੱਖ ਮਹਿਮਾਨ ਵਜੋਂ ਵਾਪਸੀ ਜੀਵਨ ਦਾ ਸਭ ਤੋਂ ਯਾਦਗਾਰ ਅਤੇ ਗੌਰਵਮਈ ਪਲ ਹੈ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਆਪਣੇ ਪੁਰਾਣੇ ਅਧਿਆਪਕਾਂ ਨੂੰ ਯਾਦ ਕਰਦਿਆਂ ਸਿਸਟਰ ਸੁਨੀਤਾ ਅਤੇ ਸਰਦਾਰ ਭੁਪਿੰਦਰ ਸਿੰਘ ਸੰਧੂ ਦਾ ਵਿਸ਼ੇਸ਼ ਜ਼ਿਕਰ ਕੀਤਾ।
ਉਨ੍ਹਾਂ ਨੇ ਕਿਹਾ ਕਿ ਭਾਵੇਂ ਬਹੁਤੇ ਅਧਿਆਪਕ ਹੁਣ ਸਕੂਲ ਵਿੱਚ ਸੇਵਾ ਨਹੀਂ ਨਿਭਾ ਰਹੇ, ਪਰ ਅੱਜ ਵੀ ਸਕੂਲ ਦੇ ਸਾਰੇ ਅਧਿਆਪਕ ਉਨ੍ਹਾਂ ਨੂੰ ਆਪਣੇ ਅਸਲ ਅਧਿਆਪਕਾਂ ਵਾਂਗ ਹੀ ਮਹਿਸੂਸ ਹੁੰਦੇ ਹਨ।
ਮਾਪਿਆਂ ਨੂੰ ਸੰਬੋਧਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹਨਾਂ ਦਾ ਇਸ ਸਕੂਲ ਨਾਲ 25 ਸਾਲ ਦਾ ਡੂੰਘਾ ਨਾਤਾ ਹੈ — 12 ਸਾਲ ਵਿਦਿਆਰਥੀ ਵਜੋਂ ਅਤੇ 13 ਸਾਲ ਧੀ ਦੀ ਪੜ੍ਹਾਈ ਦੌਰਾਨ। ਉਨ੍ਹਾਂ ਨੇ ਮਾਪਿਆਂ ਨੂੰ ਆਸ਼ਵਸਤ ਕੀਤਾ ਕਿ ਉਹ ਨਿਸ਼ਚਿੰਤ ਰਹਿਣ ਅਤੇ ਸਕੂਲ ਦੇ ਅਧਿਆਪਕਾਂ ਅਤੇ ਸਿਸਟਮ ‘ਤੇ ਪੂਰਾ ਭਰੋਸਾ ਰੱਖਣ, ਕਿਉਂਕਿ ਨਿਸ਼ਚਿਤ ਤੌਰ ‘ਤੇ ਬੱਚੇ ਭਵਿੱਖ ਵਿੱਚ ਵੱਡੀਆਂ ਉੱਚਾਈਆਂ ਹਾਸਲ ਕਰਨਗੇ। ਸਮਾਪਤੀ ‘ਤੇ ਉਨ੍ਹਾਂ ਨੇ ਪ੍ਰਿੰਸੀਪਲ ਫਾਦਰ ਜਾਰਜ ਸਕਾਈਲਾਰਕ ਅਤੇ ਸਮੂਹ ਸਟਾਫ ਦਾ ਇਸ ਸ਼ਾਨਦਾਰ ਸਮਾਗਮ ਨੂੰ ਸੁਚਾਰੂ ਢੰਗ ਨਾਲ ਆਯੋਜਿਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਪ੍ਰੋਗਰਾਮ ਦੇ ਅੰਤ ‘ਤੇ ਪ੍ਰਿੰਸੀਪਲ ਫਾਦਰ ਜਾਰਜ ਸਕਾਈਲਾਰਕ ਅਤੇ ਮੈਨੇਜਰ ਫਾਦਰ ਡਾਮਿਨਿਕ ਨੇ ਮੁੱਖ ਮਹਿਮਾਨ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਪੁਰਾਣੇ ਵਿਦਿਆਰਥੀਆਂ ਵੱਲੋਂ ਆਪਣੇ ਮਾਤਰ ਸੰਸਥਾਨ ਨਾਲ ਜੁੜਾਅ ਬਣਾਈ ਰੱਖਣਾ ਸਕੂਲ ਲਈ ਮਾਣ ਦੀ ਗੱਲ ਹੈ। ਸਮਾਰੋਹ ਦਾ ਸਮਾਪਨ ਰਾਸ਼ਟਰਗਾਨ ਅਤੇ ਬੱਚਿਆਂ ਦੇ ਚਮਕਦੇ ਭਵਿੱਖ ਲਈ ਅਰਦਾਸ ਨਾਲ ਕੀਤਾ ਗਿਆ। ਇਸ ਮੌਕੇ ਫਾਦਰ ਡਾਮਿਨਿਕ, ਸਿਸਟਰ ਵਨੀਥਾ (ਵਾਇਸ ਪ੍ਰਿੰਸੀਪਲ), ਜੂਨੀਅਰ ਵਿੰਗ ਇੰਚਾਰਜ ਸਿਸਟਰ ਪ੍ਰੇਰਨਾ ਸਣੇ ਸਕੂਲ ਦੇ ਅਧਿਆਪਕ ਅਤੇ ਸਟਾਫ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।