ਬੋਰਡ ਚੇਅਰਮੈਨ ਨੇ ਸਿੰਗਲ ਵਿੰਡੋ 'ਤੇ ਜਨਤਾ ਦੀਆਂ ਸਮੱਸਿਆਵਾਂ ਸੁਣਕੇ ਤੁਰੰਤ ਕਰਵਾਏ ਨਿਪਟਾਰੇ
· ਰਿਟਾਇਰ ਅਧਿਕਾਰੀਆਂ ਲਈ ਸਿੰਗਲ ਵਿੰਡੋ 'ਤੇ ਬਣਾਇਆ ਗਿਆ ਵਿਸ਼ੇਸ਼ ਕੈਬਿਨ, ਮਿਲੀ ਰਾਹਤ
· ਪੰਜਾਬ ਸਕੂਲ ਬੋਰਡ ਜਲਦ ਸ਼ੁਰੂ ਕਰੇਗਾ ਸਮੁੱਚੀਆਂ ਸੇਵਾਵਾਂ ਆਨਲਾਈਨ ਸਰਵਿਸ ਪੋਰਟਲ ਤੇ, ਘਰ ਬੈਠੇ ਮਿਲਣਗੀਆਂ ਸੇਵਾਵਾਂ
ਐੱਸ.ਏ.ਐੱਸ ਨਗਰ 14 ਨਵੰਬਰ ( ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਆਈ ਏ ਐੱਸ (ਰਿਟਾ:) ਵੱਲੋਂ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਮ ਜਨਤਾ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਸਿੰਗਲ ਵਿੰਡੋ ਦਾ ਉਚੇਚੇ ਤੌਰ ਤੇ ਦੌਰਾ ਕੀਤਾ। ਇਸ ਦੌਰਾਨ ਚੇਅਰਮੈਨ ਬੋਰਡ ਨੇ ਸਿੰਗਲ ਵਿੰਡੋ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਸਕੂਲਾਂ ਦੇ ਨੁਮਇੰਦਿਆਂ ਅਤੇ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਨਿੱਜੀ ਤੌਰ ਤੇ ਸੁਣਿਆ ਅਤੇ ਗੰਭੀਰਤਾ ਨਾਲ ਲੈਂਦੇ ਹੋਏ ਮੌਕੇ ਤੇ ਹੀ ਸਮੱਸਿਆਵਾਂ ਦਾ ਨਿਪਟਾਰਾ ਕੀਤਾ।
ਇਸ ਦੌਰਾਨ ਸਿੰਗਲ ਵਿੰਡੋ 'ਤੇ ਚੇਅਰਮੈਨ ਡਾ. ਅਮਰਪਾਲ ਨੇ ਨਿੱਜੀ ਤੌਰ 'ਤੇ ਦੂਰ-ਦਰਾਜ਼ ਤੋਂ ਆਏ ਵਿਦਿਆਰਥੀਆਂ ਨਾਲ ਰੂਬਰੂ ਗੱਲਬਾਤ ਕੀਤੀ। ਵਿਦਿਆਰਥੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਨਾਮ ਦੀ ਸੋਧ, ਮਾਤਾ ਦੇ ਨਾਮ ਦੀ ਸੋਧ, ਜਨਮ ਮਿਤੀ ਦੀ ਸੋਧ, ਟਰਾਂਸਕ੍ਰਿਪਟ, ਵੈਰੀਫਿਕੇਸ਼ਨ ਆਦਿ ਲਈ ਦਫ਼ਤਰ ਵਿਖੇ ਆਏ ਹਨ। ਇਹ ਸਮੱਸਿਆਵਾਂ, ਜੋ ਲੰਬੇ ਸਮੇਂ ਤੋਂ ਲਮਕ ਵਿੱਚ ਸਨ, ਨੂੰ ਤੁਰੰਤ ਸੰਬੰਧਿਤ ਕਰਮਚਾਰੀਆਂ ਨੂੰ ਆਪਣੇ ਦਫਤਰ ਬੁਲਾ ਕੇ ਵਿਦਿਆਰਥੀਆਂ ਦੇ ਸਾਹਮਣੇ ਹੱਲ ਕਰਵਾਈਆਂ। ਪੰਜਾਬ ਸਰਕਾਰ ਦੀ ਕਰਪਸ਼ਨ ਪ੍ਰਤੀ ਨੋ ਟੋਲਰੈਂਸ ਪੋਲਿਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਕਿਹਾ ਕਿ ਕੰਮ ਵਿੱਚ ਪਾਰਦਰਸ਼ਤਾ ਜ਼ਰੂਰੀ ਹੈ ਤਾਂ ਜੋ ਅਵਾਮ ਦਾ ਵਿਸ਼ਵਾਸ ਸਰਕਾਰੀ ਪ੍ਰਣਾਲੀ ਅਤੇ ਸਰਕਾਰੀ ਅਦਾਰਿਆਂ ਤੇ ਬਣਿਆ ਰਹੇ।
ਇਸ ਮੌਕੇ ਸਿੰਗਲ ਵਿੰਡੇ ਵਿਖੇ ਬੋਰਡ ਦੇ ਕੁੱਝ ਰਿਟਾਇਰਡ ਅਧਿਕਾਰੀਆਂ ਨੇ ਵੀ ਆਪਣੀਆਂ ਸਮਸਿਆਵਾਂ ਬੋਰਡ ਚੇਅਰਮੈਨ ਦੇ ਧਿਆਨ ਵਿੱਚ ਲਿਆਂਦੀਆਂ। ਇਨ੍ਹਾਂ ਸਮਸਿਆਵਾਂ ਦਾ ਸਕਾਰਾਤਮਕ ਹਲ ਕਰਦੇ ਹੋਏ ਸਿੰਗਲ ਵਿੰਡੋ ਵਿਖੇ ਇੱਕ ਵਿਸ਼ੇਸ਼ ਕੈਬਿਨ ਰਿਟਾਇਰ ਅਧਿਕਾਰੀਆਂ ਦੇ ਬੈਠਣ ਲਈ ਅਲਾਟ ਕੀਤਾ ਗਿਆ ਅਤੇ ਸੁਪਰਡੰਟ ਸਿੰਗਲ ਵਿੰਡੋ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਅਧਿਕਾਰੀਆਂ ਦੀਆਂ ਸਮਸਿਆਵਾਂ ਸਿੰਗਲ ਵਿੰਡੋ ਵਿਖੇ ਹੀ ਹਲ ਕੀਤੀਆਂ ਜਾਣ ਤਾਂ ਜੋ ਰਿਟਾਇਰ ਅਧਿਕਾਰੀਆਂ ਨੂੰ ਵੱਖ-ਵੱਖ ਸ਼ਾਖਾਵਾਂ ਵਿੱਚ ਜਾ ਕੇ ਪ੍ਰੇਸ਼ਾਨ ਨਾ ਹੋਣਾ ਪਵੇ।
ਉਹਨਾਂ ਕਿਹਾ ਕਿ ਸਿੰਗਲ ਵਿੰਡੋ ਸਥਾਪਿਤ ਕਰਨ ਦਾ ਉਦੇਸ਼ ਬੋਰਡ ਦੀਆਂ ਸਮੂਹ ਸੇਵਾਵਾਂ ਦਾ ਕੇਂਦਰੀਕਰਨ ਕਰਕੇ ਇੱਕ ਜਗ੍ਹਾ ਤੋਂ ਸੇਵਾਵਾਂ ਮੁਹੱਈਆ ਕਰਵਾਉਣਾ ਹੈ ਤਾਂ ਜੇ ਦੂਰ-ਦਰਾਡੇ ਤੋਂ ਚੱਲ ਕੇ ਆਈ ਜਨਤਾ ਨੂੰ ਵੱਖ-ਵੱਖ ਸ਼ਾਖਾਵਾਂ ਦੇ ਚੱਕਰ ਨਾ ਲਗਾਉਣੇ ਪੈਣ। ਉਹਨਾਂ ਵਿਸ਼ੇਸ਼ ਤੌਰ ਤੇ ਦੱਸਿਆ ਕਿ ਆਉਣ ਵਾਲੇ ਦੋ ਤਿੰਨ ਮਹੀਨਿਆਂ ਵਿੱਚ ਬੋਰਡ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਮੁੱਚੀਆਂ ਸੇਵਾਵਾਂ ਨੂੰ ਹੀ ਆਲਲਾਈਨ ਸਰਵਿਸ ਪੋਰਟਲ ਰਾਹੀਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿੱਥੋਂ ਘਰ ਬੈਠੇ ਹੀ ਵਿਦਿਆਰਥੀਆਂ ਨੂੰ ਸਮੁੱਚੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।