ਲਾਲ ਕਿਲ੍ਹਾ ਅੱਤਵਾਦੀ ਘਟਨਾ- ਦੇਸ਼ ਵਿਰੋਧੀਆਂ ਲਈ ਕੋਈ ਥਾਂ ਨਹੀਂ, ਮੋਦੀ-ਸ਼ਾਹ ਦੀ ਜ਼ੀਰੋ ਟੋਲਰੈਂਸ ਨੀਤੀ ਸਪਸ਼ਟ ਹੈ: ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ
ਚੰਡੀਗੜ੍ਹ, 12 ਨਵੰਬਰ 2025: ਰਾਸ਼ਟਰੀ ਭਾਜਪਾ ਨੇਤਾ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਦਿੱਲੀ ਦੇ ਲਾਲ ਕਿਲ੍ਹਾ ਦੇ ਨਜ਼ਦੀਕ ਹੋਏ ਨਿਰਦਈ ਅਤੇ ਘਿਨਾਉਣੇ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਘਟਨਾ ਵਿੱਚ 13 ਨਿਰਦੋਸ਼ ਲੋਕਾਂ ਦੀ ਜਾਨ ਗਈ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਹਮਲਾ ਸਿਰਫ਼ ਅਪਰਾਧ ਨਹੀਂ, ਸਗੋਂ ਭਾਰਤ ਦੀ ਸੰਪ੍ਰਭੁਤਾ, ਏਕਤਾ ਅਤੇ ਹੌਂਸਲੇ ਖ਼ਿਲਾਫ਼ ਸਿੱਧੀ ਚੁਣੌਤੀ ਹੈ। ਇਹ ਸਪੱਸ਼ਟ ਹੈ ਕਿ ਇਸ ਚੁਣੌਤੀ ਨੂੰ ਪ੍ਰਧਾਨ ਮੰਤਰੀ ਨਰੀੰਦਰ ਮੋਦੀ ਜੀ ਅਤੇ ਗ੍ਰਿਹ ਮੰਤਰੀ ਅਮਿਤ ਸ਼ਾਹ ਜੀ ਦੀ ਲੋਹੇ ਵਰਗੀ ਇੱਛਾ ਨਾਲ ਕੁਚਲ ਦਿੱਤਾ ਜਾਵੇਗਾ।
ਗਰੇਵਾਲ ਨੇ ਕਿਹਾ ਕਿ ਇਹ ਕਾਇਰਤਾਪੂਰਕ ਹਮਲਾ ਅੰਦਰੂਨੀ ਅਤੇ ਸਰਹੱਦੀ ਵਿਰੋਧੀ ਤਾਕਤਾਂ ਵੱਲੋਂ ਕੀਤੀ ਇੱਕ ਨੀਚ ਕੋਸ਼ਿਸ਼ ਹੈ, ਜਿਸ ਦਾ ਮਕਸਦ ਦੇਸ਼ ਵਿਚ ਡਰ ਪੈਦਾ ਕਰਨਾ, ਅਮਨ-ਸ਼ਾਂਤੀ ਭੰਗ ਕਰਨੀ ਅਤੇ ਸਾਡੀ ਰਾਸ਼ਟਰੀ ਸੁਰੱਖਿਆ ਦੀ ਮਜ਼ਬੂਤੀ ਨੂੰ ਪਰਖਣਾ ਹੈ। ਉਨ੍ਹਾਂ ਕਿਹਾ, “ਇਹ ਗੱਲ ਬਿਲਕੁਲ ਸਪਸ਼ਟ ਹੋ ਜਾਵੇ, ਭਾਰਤ ਹਰ ਇਕ ਨਿਰਦੋਸ਼ ਦੇ ਖੂਨ ਦੀ ਬੂੰਦ ਦਾ ਜਵਾਬ ਨਿਆਂ ਅਤੇ ਅਟੱਲ ਕਾਰਵਾਈ ਨਾਲ ਦੇਵੇਗਾ। ਜੋ ਵੀ ਇਸ ਹਮਲੇ ਦੇ ਪਿੱਛੇ ਹਨ, ਉਹਨਾਂ ਦੇ ਫੰਡਰ, ਹੈਂਡਲਰ ਜਾਂ ਸਮਰਥਕ ਸਭ ਨੂੰ ਲੱਭ ਕੇ ਬੇਨਕਾਬ ਅਤੇ ਤਬਾਹ ਕੀਤਾ ਜਾਵੇਗਾ, ਚਾਹੇ ਉਹ ਕਿਸੇ ਵੀ ਥਾਂ ਛੁਪੇ ਹੋਣ।”
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਭੂਟਾਨ ਤੋਂ ਗ੍ਰਿਹ ਮੰਤਰੀ ਅਮਿਤ ਸ਼ਾਹ ਜੀ ਨਾਲ ਤੁਰੰਤ ਸੰਪਰਕ ਇਹ ਸਾਬਤ ਕਰਦਾ ਹੈ ਕਿ ਕੇਂਦਰ ਸਰਕਾਰ ਦਹਿਸ਼ਤਗਰਦੀ ਖ਼ਿਲਾਫ਼ ‘ਜ਼ੀਰੋ ਟੋਲਰੈਂਸ’ ਨੀਤੀ ‘ਤੇ ਪੂਰੀ ਤਰ੍ਹਾਂ ਵਚਨਬੱਧ ਹੈ। ਗਰੇਵਾਲ ਨੇ ਅਮਿਤ ਸ਼ਾਹ ਜੀ ਦੀ ਉੱਚ ਪੱਧਰੀ ਸੁਰੱਖਿਆ ਸਮੀਖਿਆ ਅਤੇ ਕੇਂਦਰੀ ਏਜੰਸੀਆਂ ਦੀ ਤੁਰੰਤ ਕਾਰਵਾਈ ਦੀ ਭਰਪੂਰ ਪ੍ਰਸ਼ੰਸਾ ਕੀਤੀ ਤੇ ਕਿਹਾ, “ਇਹੀ ਹੈ ਮੋਦੀ ਦਾ ਨਵਾਂ ਭਾਰਤ ਹੈ, ਇੱਥੇ ਦਹਿਸ਼ਤਗਰਦਾਂ ਨੂੰ ਰਹਿਮ ਨਹੀਂ, ਸਗੋਂ ਉਨ੍ਹਾਂ ਦੀ ਖਤਮ ਕਰ ਦਿੱਤਾ ਜਾਂਦਾ ਹੈ।”
ਉਨ੍ਹਾਂ ਕਿਹਾ ਕਿ ਲਾਲ ਕਿਲ੍ਹਾ ਧਮਾਕਾ ਹਰ ਭਾਰਤੀ ਨਾਗਰਿਕ ਲਈ ਇੱਕ ਚੇਤਾਵਨੀ ਹੈ “ਹੁਣ ਸਮਾਂ ਆ ਗਿਆ ਹੈ ਕਿ ਦਹਿਸ਼ਤਗਰਦਾਂ ਦੇ ਸਮਰਥਕਾਂ, ਨਕਲੀ ਮਾਨਵ ਅਧਿਕਾਰ ਪ੍ਰਚਾਰਕਾਂ ਅਤੇ ਦੇਸ਼ ਵਿਰੋਧੀ ਗੁੱਟਾਂ ਨਾਲ ਨਰਮੀ ਨਹੀਂ, ਸਖ਼ਤੀ ਨਾਲ ਨਿਪਟਿਆ ਜਾਵੇ। ਭਾਰਤ ਦੀ ਪਵਿੱਤਰ ਮਿੱਟੀ ਉੱਤੇ ਨਿਰਦੋਸ਼ ਖੂਨ ਵਗਾਉਣ ਵਾਲਿਆਂ ਨੂੰ ਐਸਾ ਸਬਕ ਸਿਖਾਇਆ ਜਾਵੇਗਾ ਜੋ ਪੀੜੀਆਂ ਯਾਦ ਰੱਖਣਗੀਆਂ।”
ਉਨ੍ਹਾਂ ਕਿਹਾ ਕਿ ਹਰ ਭਾਰਤੀ ਦਾ ਫਰਜ਼ ਹੈ ਕਿ ਉਹ ਸਰਕਾਰ ਅਤੇ ਸੁਰੱਖਿਆ ਬਲਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਵੇ, ਸਚੇਤ ਰਹੋ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਦੇਵੋ। “ਇਹ ਸਿਰਫ਼ ਦਹਿਸ਼ਤਗਰਦੀ ਵਿਰੁੱਧ ਜੰਗ ਨਹੀਂ, ਇਹ ਸਾਡੇ ਰਾਸ਼ਟਰ ਦੀ ਆਤਮਾ ਦੀ ਰੱਖਿਆ ਲਈ ਯੁੱਧ ਹੈ। ਮੋਦੀ ਜੀ ਅਤੇ ਅਮਿਤ ਸ਼ਾਹ ਜੀ ਦੀ ਅਗਵਾਈ ਹੇਠ ਭਾਰਤ ਹੁਣ ਉਹ ਦੇਸ਼ ਨਹੀਂ ਜੋ ਦਹਿਸ਼ਤਗਰਦੀ ਨੂੰ ਬਰਦਾਸ਼ਤ ਕਰਦਾ ਸੀ, ਹੁਣ ਇਹ ਉਹ ਦੇਸ਼ ਹੈ ਜੋ ਦਹਿਸ਼ਤਗਰਦੀ ਨੂੰ ਜੜੋਂ ਸਮੇਤ ਉਖਾੜ ਦਿੰਦਾ ਹੈ।”
ਗਰੇਵਾਲ ਨੇ ਕਿਹਾ, “ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਿਆਰੇ ਗੁਆਏ ਹਨ, ਉਹਨਾਂ ਦੇ ਅੰਸੂ ਵਿਅਰਥ ਨਹੀਂ ਜਾਣਗੇ। ਮੋਦੀ ਸਰਕਾਰ ਨਿਆਂ ਨੂੰ ਤੇਜ਼, ਕਠੋਰ ਅਤੇ ਅੰਤਮ ਰੂਪ ਵਿੱਚ ਯਕੀਨੀ ਬਣਾਏਗੀ। ਭਾਰਤ ਧੋਖੇਬਾਜ਼ਾਂ ਨੂੰ ਮਾਫ਼ ਨਹੀਂ ਕਰਦਾ, ਭਾਰਤ ਉਨ੍ਹਾਂ ਨੂੰ ਖਤਮ ਕਰ ਦਿੰਦਾ ਹੈ।”