ਖਰੜ : ਗੁਰੂਦਵਾਰੇ ‘ਚ ਨਸ਼ੇ ਵਿੱਚ ਵਿਅਕਤੀ ਵੱਲੋਂ ਪਾਇਆ ਗਿਆ ਖਰੂਦ, ਗੱਲ ਪੁਲਿਸ ਤੱਕ ਪੁੱਜੀ
ਗੁਰੂਦਵਾਰਾ ਕਮੇਟੀ ਵੱਲੋਂ ਸ਼ਾਂਤੀ ਦੀ ਅਪੀਲ
ਰਵੀ ਜੱਖੂ
ਮੋਹਾਲੀ, 2 ਨਵੰਬਰ 2025 : ਬੀਤੀ ਸ਼ਾਮ ਲਗਭਗ 8:30 ਵਜੇ, ਖਰੜ ਦੇ ਰਣਜੀਤ ਨਗਰ ਵਿਖੇ ਸਥਿਤ ਗੁਰੂਦਵਾਰਾ ਦੂਖ ਨਿਵਾਰਨ ਸਾਹਿਬ (ਨੇੜੇ: ਦੀਪ ਆਈ ਹਸਪਤਾਲ) ਵਿੱਚ ਸ਼ਾਮ ਇੱਕ ਦੁਖਦਾਈ ਘਟਨਾ ਵਾਪਰੀ, ਜਦੋਂ “ਸੋਨਾ” ਨਾਮਕ ਵਿਅਕਤੀ, ਜੋ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ਵਿੱਚ ਸੀ, ਗੁਰੂਘਰ ਦੇ ਪਵਿੱਤਰ ਪਰਿਸਰ ਵਿੱਚ ਦਾਖਲ ਹੋ ਕੇ ਮੌਕੇ ‘ਤੇ ਮੌਜੂਦ ਕਮੇਟੀ ਮੈਂਬਰ ਨਾਲ ਗਾਲੀ-ਗਲੌਚ ਕਰਨ ਲੱਗ ਪਿਆ। ਇਸ ਤੋਂ ਬਾਅਦ, ਉਸਨੇ ਗੁਰੂਦਵਾਰਾ ਸਾਹਿਬ ਦੇ ਨਵੇਂ ਤਿਆਰ ਹੋ ਰਹੇ ਕੈਬਿਨ, ਜਿਸ ਵਿੱਚ ਡੈੱਡ ਬੋਡੀ ਰੱਖਣ ਲਈ ਮਸ਼ੀਨ ਲਗਾਈ ਜਾਣੀ ਸੀ, ਦੀ ਤੋੜ-ਫੋੜ ਕੀਤੀ। ਮੌਕੇ ‘ਤੇ ਮੌਜੂਦ ਦੋ ਕਮੇਟੀ ਮੈਂਬਰਾਂ ਨੇ ਦੋਸ਼ੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹੱਥ ਛੁਡਾ ਕੇ ਮੌਕੇ ਤੋਂ ਭੱਜ ਨਿਕਲਿਆ।
ਘਟਨਾ ਤੋਂ ਤੁਰੰਤ ਬਾਅਦ ਗੁਰੂਦਵਾਰਾ ਕਮੇਟੀ ਵੱਲੋਂ ਪੀ.ਸੀ.ਆਰ. ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ, ਪਰਿਸਰ ਦਾ ਜਾਇਜ਼ਾ ਲਿਆ ਅਤੇ ਕਮੇਟੀ ਤੋਂ ਲਿਖਤੀ ਸ਼ਿਕਾਇਤ ਪ੍ਰਾਪਤ ਕਰਕੇ ਦੋਸ਼ੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿਵਾਇਆ। ਕਮੇਟੀ ਵੱਲੋਂ ਦੋਸ਼ੀ ਦੀ ਤੁਰੰਤ ਪਹਚਾਣ ਤੇ ਸਖ਼ਤ ਧਾਰਾਵਾਂ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਅਣਸੁਹਾਵੀ ਘਟਨਾ ਦੀ ਪੁਨਰਾਵਰਤੀ ਨਾ ਹੋਵੇ।
ਉੱਘੇ ਸਮਾਜ ਸੇਵੀ ਐਮ. ਪੀ. ਜੱਸੜ (ਮੁੱਖ ਸਲਾਹਕਾਰ, ਪੰਥਕ ਅਕਾਲੀ ਲਹਿਰ; ਪ੍ਰੈਸ ਸਕੱਤਰ, ਜ਼ਿਲ੍ਹਾ ਮੋਹਾਲੀ) ਨੇ ਘਟਨਾ ਦੀ ਤਿੱਖੀ ਨਿੰਦਿਆ ਕਰਦਿਆਂ ਕਿਹਾ ਕਿ ਇਹ ਸਿਰਫ਼ ਗੁਰੂਘਰ ਦੀ ਮਰਿਆਦਾ ਦਾ ਉਲੰਘਨ ਨਹੀਂ, ਸਗੋਂ ਸੰਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ— ਗੁਰੂਘਰ ਸਾਡੀ ਰੂਹਾਨੀ ਪਹਿਚਾਣ ਹਨ। ਐਸੀਆਂ ਹਰਕਤਾਂ ਬਿਲਕੁਲ ਬਰਦਾਸ਼ਤਯੋਗ ਨਹੀਂ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਚਾਹੀਦਾ ਹੈ ਕਿ ਤੁਰੰਤ, ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਕਾਨੂੰਨ-ਵਿਵਸਥਾ ‘ਤੇ ਲੋਕਾਂ ਦਾ ਭਰੋਸਾ ਮਜ਼ਬੂਤ ਰੱਖਣ। ਮੈਂ ਉੱਚ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਾਂ ਅਤੇ ਇਸ ਮਾਮਲੇ ਨੂੰ ਪ੍ਰਾਥਮਿਕਤਾ ‘ਤੇ ਹੱਲ ਕਰਨ ਦੀ ਅਪੀਲ ਕਰ ਰਿਹਾ ਹਾਂ।”
ਗੁਰੂਦਵਾਰਾ ਪ੍ਰਬੰਧਕ ਕਮੇਟੀ—ਪ੍ਰਧਾਨ ਸ. ਜਗਸੀਰ ਸਿੰਘ, ਗ੍ਰੰਥੀ ਸਿੰਘ ਸ. ਰਾਜਬੀਰ ਸਿੰਘ, ਜਨਰਲ ਸਕੱਤਰ ਸ. ਬਲਜੀਤ ਸਿੰਘ ਅਤੇ ਕਮੇਟੀ ਮੈਂਬਰ ਸ. ਹਰਦੀਪ ਸਿੰਘ ਬਾਠ—ਵੱਲੋਂ ਦੱਸਿਆ ਗਿਆ ਕਿ ਪ੍ਰਬੰਧਕ ਪੱਖੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ; ਘਟਨਾ ਨਾਲ ਸੰਬੰਧਤ ਲਿਖਤੀ ਸ਼ਿਕਾਇਤ, ਤਸਵੀਰਾਂ/ਵੀਡੀਓ ਅਤੇ ਹੋਰ ਸਬੂਤ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ। ਕਮੇਟੀ ਮੈਂਬਰ ਸ. ਹਰਦੀਪ ਸਿੰਘ ਬਾਠ ਨੇ ਸੰਗਤ ਨੂੰ ਸ਼ਾਂਤੀ ਅਤੇ ਸੰਯਮ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਦੋਸ਼ੀ ਦੀ ਜਲਦ ਗ੍ਰਿਫ਼ਤਾਰੀ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿਵਾਇਆ ਹੈ। ਅੰਤ ਵਿੱਚ, ਐਮ. ਪੀ. ਜੱਸੜ ਨੇ ਸੰਗਤ ਅਤੇ ਜਨਤਾ ਨੂੰ ਸੰਦੇਸ਼ ਦਿਤਾ ਕਿ ਇਕਤਾ, ਸ਼ਾਂਤੀ ਤੇ ਅਨੁਸ਼ਾਸਨ ਸਾਡੇ ਧਰਮ ਦੀ ਬੁਨਿਆਦ ਹਨ। ਉਨ੍ਹਾਂ ਕਿਹਾ— ਸਾਡੇ ਗੁਰੂਘਰਾਂ ਦੀ ਇੱਜ਼ਤ ਕਰਨਾ ਸਾਡਾ ਧਰਮ ਵੀ ਅਤੇ ਫਰਜ ਵੀ ਹੈ। ਅਸੀਂ ਮਿਲ ਕੇ ਯਕੀਨੀ ਬਣਾਵਾਂਗੇ ਕਿ ਗੁਰੂਘਰ ਦੀ ਮਰਿਆਦਾ ਹਮੇਸ਼ਾਂ ਉੱਚੀ ਰਹੇ ਅਤੇ ਐਸੀਆਂ ਹਰਕਤਾਂ ਖ਼ਿਲਾਫ਼ ਜ਼ੀਰੋ ਟੋਲਰਨਸ ਨੀਤੀ ਲਾਗੂ ਰਹੇ।”