ਗੁਰਦਵਾਰਾ ਨਾਨਕ ਪ੍ਰਕਾਸ ਫਰਿਜ਼ਨੋ ਵੱਲੋ ਕੱਢੇ ਗਏ ਨਗਰ-ਕੀਰਤਨ ਤੇ ਛਾਇਆ ਖਾਲਸਾਈ ਰੰਗ
(ਟੀਵੀ ਹੋਸਟ ਜੋਤ ਰਣਜੀਤ ਕੌਰ ਦਾ ਕੀਤਾ ਵਿਸ਼ੇਸ਼ ਸਨਮਾਨ)
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ)
ਸਥਾਨਕ ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋ, ਜਿਹੜਾ ਕਿ ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਸੇਵਾਵਾਂ ਦੇ ਰਿਹਾ, ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਕੇ ਸਲਾਨਾ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਰੰਗ ਬਰੰਗੇ ਦੁਪੱਟਿਆ ਤੇ ਦਸਤਾਰਾਂ ਨਾਲ ਇੱਕ ਤਰ੍ਹਾਂ ਦਾ ਪੂਰਾ ਫਰਿਜ਼ਨੋ ਸ਼ਹਿਰ ਹੀ ਖਾਲਸਾਈ ਰੰਗ ਵਿੱਚ ਰੰਗਿਆ ਪ੍ਰਤੀਤ ਹੋਇਆ। ਗੁਰੂ ਘਰ ਅੰਦਰ ਬਾਣੀ ਦੇ ਪ੍ਰਵਾਹ ਚੱਲ ਰਹੇ ਸਨ। ਇਸ ਮੌਕੇ ਲੱਗੇ ਤਰਾਂ ਤਰਾਂ ਦੇ ਲੰਗਰ ਅਤੇ ਸਟਾਲ ਕਿਸੇ ਪੰਜਾਬ ਦੇ ਇਤਿਹਾਸਕ ਸਥਾਨ ਦਾ ਭੁਲੇਖਾ ਪਾ ਰਹੇ ਸਨ। ਵੱਖੋ ਵੱਖ ਝਾਕੀਆਂ ਨਾਲ ਸਜਾਏ ਫਲੋਟ ਸਿੱਖ ਇਤਿਹਾਸ ਨੂੰ ਆਪਣੇ ਤਰੀਕੇ ਨਾਲ ਦਰਸਾਉਂਦੇ ਨਗਰ ਕੀਰਤਨ ਵਿੱਚ ਵੱਖਰਾ ਰੰਗ ਬਿਖੇਰ ਰਹੇ ਸਨ। ਇਸ ਮੌਕੇ ਬਹੁਤ ਸਾਰੇ ਢਾਡੀ ਜਥੇ, ਕੀਰਤਨੀਏ ਜਥੇ, ਕਥਾ ਵਾਚਕ ਅਤੇ ਬੁਲਾਰੇ ਵੀ ਫਲੋਟਾ ਤੋ ਹਾਜ਼ਰੀ ਲਵਾ ਰਹੇ ਸਨ। ਨਗਰ ਕੀਰਤਨ ਪੈਂਡਾ ਤਹਿ ਕਰਦਾ ਫਾਊਲਰ ਸ਼ਹਿਰ ਦੇ ਪਾਰਕ ਵਿੱਚ ਪਹੁੰਚਿਆ, ਇਸ ਪੜਾਅ ਦੌਰਾਨ ਗੁਰੂਘਰ ਦੇ ਸੇਵਾਦਾਰ ਭਾਈ ਜਗਰੂਪ ਸਿੰਘ ਨੇ ਜਿਥੇ ਸੰਗਤਾ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ, ਓਥੇ ਉਹਨਾਂ ਟਰੱਕਿੰਗ ਨਾਲ ਸਬੰਧਿਤ ਪ੍ਰੋਬਮਾਂ, ਜਿਵੇਂ ਐਕਸੀਡੈਂਟਾਂ ਤੇ ਲੋਡ ਚੋਰੀ ਵਿੱਚ ਆ ਰਹੇ ਪੰਜਾਬੀ ਨਾਵਾਂ ਤੇ ਵੀ ਚਿੰਤਾ ਪ੍ਰਗਟਾਈ ‘ਤੇ ਉਹਨਾਂ ਕਿਹਾ ਕਿ ਸਾਨੂੰ ਗੁਰੂ ਘਰਾਂ ਅੰਦਰ ਮੀਟਿੰਗਾਂ ਕਰਕੇ ਇਹਨਾਂ ਟਰੱਕਿੰਗ ਨਾਲ ਸਬੰਧਿਤ ਮੁੱਦਿਆਂ ਤੇ ਵਿਚਾਰ ਕਰਨੀ ਚਾਹੀਦੀ ਹੈ। ਇਸ ਮੌਕੇ ਮੀਡੀਏ ਵਿੱਚ ਸੇਵਾਵਾਂ ਦੇਣ ਬਦਲੇ ਟੀਵੀ ਹੋਸਟ ਜੋਤ ਰਣਜੀਤ ਕੌਰ ਦਾ ਸਟੇਜ ਤੋ ਸੀਡਲ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਜੋਤ ਰਣਜੀਤ ਕੌਰ ਨੇ ਸਟੇਜ ਤੋਂ ਸੰਗਤ ਨੂੰ ਗੁਰੂ ਪਾਤਸ਼ਾਹ ਦੇ ਆਗਮਨ ਪੁਰਬ ਦੀ ਵਧਾਈ ਦਿੱਤੀ ਤੇ ਗੁਰੂ ਘਰ ਦੀ ਕਮੇਟੀ ਦਾ ਮਾਨ ਸਨਮਾਨ ਦੇਣ ਲਈ ਧੰਨਵਾਦ ਕੀਤਾ। ਅਖੀਰ ਅਮਿੱਟ ਯਾਦਾਂ ਛੱਡਦਾ ਇਹ ਨਗਰ ਕੀਰਤਨ ਯਾਦਗਾਰੀ ਹੋ ਨਿੱਬੜਿਆ।