ਐਡਵੋਕੇਟ ਲਖਬੀਰ ਰਾਏ ਵੱਲੋਂ ਨਸ਼ਾ ਮੁਕਤੀ ਯਾਤਰਾ ਤਹਿਤ ਸੁਹਾਗਹੇੜੀ ਸਮੇਤ ਕਈ ਪਿੰਡਾਂ ਵਿੱਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਡਟਣ ਦਾ ਹੋਕਾ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 22 ਜੁਲਾਈ 2025 - ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਅੱਜ ਹਲਕੇ ਦੇ ਪਿੰਡ ਸੁਹਾਗਹੇੜੀ, ਭੱਲਮਾਜਰਾ ਤੇ ਖਰੇ ਆਦਿ ਵਿੱਚ ਨਸ਼ਾ ਮੁਕਤੀ ਯਾਤਰਾ ਤਹਿਤ ਭਰਵੇਂ ਇਕੱਠਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਪਿੰਡਾਂ ਵਿੱਚ ਗਠਿਤ ਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਚਲਾ ਕੇ ਨਸ਼ਿਆਂ ਜਿਹੀ ਵੱਡੀ ਸਮਾਜਿਕ ਕੁਰੀਤੀ ਤੋਂ ਪੰਜਾਬ ਨੂੰ ਸੁਰੱਖਿਅਤ ਰੱਖਣ ਦਾ ਜੋ ਟੀਚਾ ਮਿਥਿਆ ਹੈ, ਉਸ ਨੂੰ ਸਾਕਾਰ ਕਰਨ ਵਿੱਚ ਹਰ ਨਾਗਰਿਕ ਦੇ ਸਰਗਰਮ ਸਹਿਯੋਗ ਦੀ ਲੋੜ ਹੈ।
ਵਿਧਾਇਕ ਰਾਏ ਨੇ ਕਿਹਾ ਕਿ ਇਹ ਮੁਹਿੰਮ ਮਹਿਜ਼ ਇੱਕ ਨਾਮਕਰਨ ਨਹੀਂ ਹੈ ਬਲਕਿ ਇਹ ਇੱਕ ਸਪਸ਼ਟ ਸੁਨੇਹਾ ਹੈ ਜਿਸ ਤਹਿਤ ਪੰਜਾਬ ਨੂੰ ਹਰ ਪੱਖੋਂ ਖੁਸ਼ਹਾਲ ਅਤੇ ਤੰਦਰੁਸਤ ਸੂਬਾ ਬਣਾਉਣਾ ਹੈ। ਉਹਨਾਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਦੇਸ਼ ਉਤੇ ਕੋਈ ਮੁਸ਼ਕਿਲ ਘੜੀ ਆਈ ਤਾਂ ਪੰਜਾਬੀਆਂ ਨੇ ਹਮੇਸ਼ਾ ਹੀ ਅੱਗੇ ਹੋ ਕੇ ਜੰਗਾਂ ਲੜੀਆਂ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਰੱਖਿਆ ਲਈ ਸ਼ਹਾਦਤਾਂ ਦਿੱਤੀਆਂ। ਉਹਨਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਪੂਰੀ ਦੁਨੀਆ ਵਿੱਚ ਆਪਣੀ ਬਹਾਦਰੀ ਕਰਕੇ ਜਾਣਿਆ ਜਾਂਦਾ ਹੈ।
ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਜਿਹੀ ਕੁਰੀਤੀ ਤੋਂ ਬਚਾਉਣ ਲਈ ਬਹੁਤ ਦਲੇਰੀ ਨਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪੰਜਾਬ ਵਿੱਚ ਜਮੀਨੀ ਪੱਧਰ ਉੱਤੇ ਲਾਗੂ ਕਰਵਾਇਆ ਜਿਸ ਨਾਲ ਲੋਕ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ।
ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ ਰੱਖਿਆ ਕਮੇਟੀਅਂ ਬਹੁਤ ਮਹੱਤਵਪੂਰਨ ਕਾਰਜ ਕਰ ਰਹੀਆਂ ਹਨ ਅਤੇ ਫੀਡਬੈਕ ਦੇ ਆਧਾਰ ਤੇ ਹਰ ਹਿੱਸੇ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੇ ਉਪਰਾਲੇ ਵੱਡੇ ਪੱਧਰ ਉੱਤੇ ਜਾਰੀ ਹਨ।
ਇਸ ਮੌਕੇ ਵਿਧਾਇਕ ਵੱਲੋਂ ਪਿੰਡਾਂ ਵਿੱਚ ਨਾਗਰਿਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਉਸਾਰੂ ਯੋਗਦਾਨ ਪਾਉਣ ਲਈ ਸਹੁੰ ਵੀ ਚੁਕਾਈ ਗਈ।