ਬਠਿੰਡਾ: ਲੜਕੀਆਂ ਦੇ ਨਾਮੀ ਸਰਕਾਰੀ ਸਕੂਲ ਵਿਚਲੇ ਅਧਿਆਪਕਾਂ ਦੀ ਕੁੱਕੜਖੇਹ ਸੜਕਾਂ 'ਤੇ ਆਈ
ਅਸ਼ੋਕ ਵਰਮਾ
ਬਠਿੰਡਾ, 22 ਜੁਲਾਈ 2025: ਪੰਜਾਬੀ ਸਮਾਜ ’ਚ ਇੱਕ ਅਧਿਆਪਕ ਨੂੰ ਕੌਮ ਦਾ ਨਿਰਮਾਤਾ ਤੇ ਬੱਚਿਆਂ ਦੇ ਕੋਮਲ ਮਨਾਂ ਤੇ ਆਪਣੀ ਛਾਪ ਛੱਡਕੇ ਉਨ੍ਹਾਂ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਮੰਨਿਆ ਜਾਂਦਾ ਹੈ ਪਰ ਜਦੋਂ ਸਰਕਾਰੀ ਸਕੂਲ ਦੇ ਅਧਿਆਪਕ ਸੜਕਾਂ ਤੇ ਝਾਟਮਝੀਟੀ ਹੋਣ ਤੱਕ ਪੁੱਜ ਜਾਣ ਤਾਂ ਇਹ ਸਿੱਖਿਆ ਦੀ ਤ੍ਰਾਸਦੀ ਨਹੀਂ ਤਾਂ ਹੋਰ ਕੀ ਹੈ। ਅਜਿਹਾ ਹੀ ਮਾਮਲਾ ਬਠਿੰਡਾ ਦੀ ਮਾਲ ਰੋਡ ਤੇ ਸਥਿਤ ਲੜਕੀਆਂ ਦੇ ਨਾਮੀ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਆਪਸੀ ਲੜਾਈ ਦਾ ਸਾਹਮਣੇ ਆਇਆ ਹੈ ਜੋ ਮੰਗਲਵਾਰ ਨੂੰ ਇੱਕ ਦੂਜੇ ਖਿਲਾਫ ਸੜਕ ਤੇ ਉੱਤਰਦੇ ਨਜ਼ਰ ਆਏ। ਰੌਚਕ ਪਹਿਲੂ ਇਹ ਵੀ ਹੈ ਕਿ ਬਹੁਗਿਣਤੀ ਅਧਿਆਪਕਾਂ ਦੇ ਧਰਨੇ ਵਿੱਚ ਅੱਖੀ ਦੇਖਣ ਵਾਲੇ ਲੋਕਾਂ ਨੇ ਅਧਿਆਪਕਾਂ ਦੀ ਆਪਸੀ ਕੁੱਕੜਖੇਹ ਨੂੰ ਸਰਕਾਰ ਦੀ ਸਿੱਖਿਆ ਨੂੰ ਵੱਡੀ ਢਾਹ ਲਾਉਣ ਦੀ ਕਾਰਵਾਈ ਕਰਾਰ ਦਿੱਤਾ ਹੈ।
ਅੱਜ ਇੰਨ੍ਹਾਂ ਅਧਿਆਪਕਾਂ ਨੇ ਸ਼ਹਿਰ ਦੀ ਸਭ ਤੋਂ ਵੱਧ ਰੁੱਝੀ ਰਹਿਣ ਵਾਲੀ ਮਾਲ ਰੋਡ ਤੇ ਇੱਕ ਦੂਸਰੇ ਖਿਲਾਫ ਧਰਨਾ ਲਾਇਆ ਅਤੇ ਨਾਅਰੇਬਾਜੀ ਕੀਤੀ ਜਿਸ ਦੇ ਚੱਲਦਿਆਂ ਲੰਮਾਂ ਸਮਾਂ ਜਾਮ ਵਾਲੀ ਸਥਿਤੀ ਬਣੀ ਰਹੀ। ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਮੌਕੇ ਤੇ ਪੁੱਜੀ ਪੁਲਿਸ ਅਤੇ ਜਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਗੱਲਬਾਤ ਕਰਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਇਸ ਮਾਮਲੇ ਦਾ ਜਿਕਯੋਗ ਪਹਿਲੂ ਇਹ ਵੀ ਹੈ ਕਿ ਲੜਕੀਆਂ ਦੇ ਇਸ ਸਕੂਲ ਵਿੱਚ 100 ਤੋਂ ਵੱਧ ਅਧਿਆਪਕ ਹਨ ਜਿੰਨ੍ਹਾਂ ’ਚ ਜਿਆਦਾਤਰ ਮਹਿਲਾ ਅਧਿਆਪਕ ਹਨ। ਵੱਡੀ ਗੱਲ ਇਹ ਵੀ ਹੈ ਕਿ ਸੁਨੀਤਾ ਕੰਬੋਜ ਨਾਮੀ ਅਧਿਆਪਕ ਇਕੱਲੀ ਇੱਕ ਤਰਫ ਹੈ ਜਦੋਂਕਿ ਬਹੁਤਾ ਸਟਾਫ ਦੂਸਰੋ ਪਾਸੇ ਹੈ। ਜਾਣਕਾਰੀ ਅਨੁਸਾਰ ਮਾਰਚ 2024 ਦੌਰਾਨ ਲੜਕੀਆਂ ਦੇ ਇਸ ਸਕੂਲ ਵਿੱਚ ਸੁਨੀਤਾ ਕੰਬੋਜ ਦੀ ਬਦਲੀ ਹੋਈ ਸੀ ਜੋ ਹਿੰਦੀ ਭਾਸ਼ਾ ਦੀ ਅਧਿਆਪਕ ਦੱਸੀ ਜਾ ਰਹੀ ਹੈ।
ਸੁਨੀਤਾ ਕੰਬੋਜ ਦੀ ਆਪਣੇ ਹੀ ਸਟਾਫ ਨਾਲ ਅਣਬਣ ਚੱਲ ਰਹੀ ਸੀ ਜਿਸ ਨੇ ਅੱਜ ਤਿੱਖਾ ਰੂਪ ਧਾਰਨ ਕਰ ਲਿਆ। ਇਸ ਮੌਕੇ ਦੋਵਾਂ ਧਿਰਾਂ ਨੇ ਇੱਕ ਦੂਸਰੇ ਤੇ ਵੱਖ ਵੱਖ ਤਰਾਂ ਦੇ ਦੋਸ਼ ਲਾਏ ਜਦੋਂਕਿ ਸੁਨੀਤਾ ਕੰਬੋਜ ਦਾ ਕਹਿਣਾ ਸੀ ਕਿ ਪ੍ਰਿੰਸੀਪਲ ਸਥਾਨਕ ਅਧਿਆਪਕਾਂ ਦਾ ਪੱਖ ਪੂਰਦਾ ਹੈ ਅਤੇ ਉਸ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਅਧਿਆਪਕਾ ਸਕੂਲ ਦੇਰੀ ਨਾਲ ਆਉਂਦੀ ਹੈ ਅਤੇ ਅਡਜਸਟਮੈਂਟ ਲਈ ਦਬਾਅ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਟਾਫ ਮੈਂਬਰ ਨਾਲ ਕੋਈ ਬੋਲ ਬੁਲਾਰਾ ਹੋ ਜਾਏ ਤਾਂ ਪੁਲਿਸ ਸੱਦ ਲੈਂਦੀ ਹੈ ਜਿਸ ਨਾਲ ਸਕੂਲ ਦਾ ਮਹੌਲ ਖਰਾਬ ਅਤੇ ਬੱਚਿਆਂ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਵੀ ਕੋਈ ਅਜਿਹੀ ਗੱਲ ਹੋਈ ਜਿਸ ਤੋਂ ਬਾਅਦ ਉਸ ਨੇ ਪੁਲਿਸ ਸੱਦ ਲਈ।
ਇਸ ਮੌਕੇ ਅੱਕੇ ਸਰਕਾਰੀ ਸਕੂਲ ਦੇ ਅਧਿਆਪਕਾਂ ਨੇ ਧਰਨਾ ਸ਼ੁਰੂ ਕਰ ਦਿੱਤਾ ਅਤੇ ਸੁਨੀਤਾ ਕੰਬੋਜ ਦੀ ਬਦਲੀ ਕਰਨ ਦੀ ਮੰਗ ਕੀਤੀ। ਇਸ ਮੌਕੇ ਸੁਨੀਤਾ ਕੰਬੋਜ ਵੀ ਧਰਨੇ ਤੇ ਬੈਠ ਗਈ ਅਤੇ ਸਟਾਫ ਤੇ ਕਈ ਤਰਾਂ ਦੇ ਦੋਸ਼ ਲਾਏ। ਧਰਨੇ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ, ਤਹਿਸੀਲਦਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮਮਤਾ ਸੇਠੀ ਵੀ ਮੌਕੇ ਤੇ ਪੁੱਜੇ ਅਤੇ ਦੋਵਾਂ ਧਿਰਾਂ ਨੂੰ ਸਮਝਾ ਬੁਝਾ ਕੇ ਧਰਨਾ ਖ਼ਤਮ ਕਰਵਾਇਆ। ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਸੇਠੀ ਦਾ ਕਹਿਣਾ ਸੀ ਕਿ ਇੱਕ ਵਾਰ ਮਸਲਾ ਨਿਪਟ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਸੁਨੀਤਾ ਕੰਬੋਜ ਨੂੰ ਕਿਸੇ ਹੋਰ ਸਕੂਲ ’ਚ ਤਾਇਨਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰਵਾਉਣਗੇ ਅਤੇ ਰਿਪੋਰਟ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ।