ਐੱਸ. ਪੀ. ਸਿੰਘ ਓਬਰਾਇ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ VC ਡਾ. ਜਗਦੀਪ ਸਿੰਘ ਨਾਲ਼ ਕੀਤੀ ਮੁਲਾਕਾਤ
- ਪੰਜਾਬੀ ਯੂਨੀਵਰਸਿਟੀ ਦੀ ਬਿਹਤਰੀ ਦੇ ਹਵਾਲੇ ਨਾਲ਼ ਹੋਈ ਗੱਲਬਾਤ
ਪਟਿਆਲਾ, 22 ਜੁਲਾਈ 2025 - ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਉੱਘੇ ਕਾਰੋਬਾਰੀ, ਸਮਾਜ ਸੇਵੀ ਅਤੇ 'ਸਰਬੱਤ ਦਾ ਭਲਾ ਚੈਰਿਟੇਬਲ ਟਰੱਸਟ' ਦੇ ਸੰਸਥਾਪਕ ਸ੍ਰ. ਐੱਸ. ਪੀ. ਸਿੰਘ ਓਬਰਾਇ ਵੱਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ਼ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਬਿਹਤਰੀ ਦੀਆਂ ਵੱਖ-ਵੱਖ ਸੰਭਾਵਨਾਵਾਂ ਦੇ ਹਵਾਲੇ ਨਾਲ਼ ਗੱਲ ਹੋਈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਪਿਛਲੇ ਸਮੇਂ ਦੌਰਾਨ 'ਸਰਬੱਤ ਦਾ ਭਲਾ ਚੈਰਿਟੇਬਲ ਟਰੱਸਟ' ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੀ ਗਈ ਮਦਦ ਬਾਰੇ ਵਿਸ਼ੇਸ਼ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੀ ਮਦਦ ਜਾਰੀ ਰੱਖਣ ਦੀ ਇੱਛਾ ਜਤਾਈ। ਡਾ. ਜਗਦੀਪ ਸਿੰਘ ਨੇ ਸ੍ਰ. ਐੱਸ. ਪੀ. ਸਿੰਘ ਓਬਰਾਏ ਅਤੇ ਉਨ੍ਹਾਂ ਦੀ ਸੰਸਥਾ 'ਸਰਬੱਤ ਦਾ ਭਲਾ ਚੈਰਿਟੇਬਲ ਟਰੱਸਟ' ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵਿੱਤੀ ਮਦਦ ਰਾਹੀਂ ਪਾ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਦਿੱਤੀ ਜਾਂਦੀ ਮਦਦ ਨਾਲ਼ ਲੋੜਵੰਦ ਵਿਦਿਆਰਥੀ ਉਚੇਰੀ ਸਿੱਖਿਆ ਦਾ ਸੁਪਨਾ ਪੂਰਾ ਕਰਨ ਦੇ ਯੋਗ ਹੁੰਦੇ ਹਨ। ਸ੍ਰ. ਐੱਸ. ਪੀ. ਸਿੰਘ ਓਬਰਾਇ ਵੱਲੋਂ ਭਵਿੱਖ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਨੂੰ ਮਦਦ ਮੁਹੱਈਆ ਕਰਵਾਏ ਜਾਣ ਦੀ ਇੱਛਾ ਪ੍ਰਗਟਾਏ ਜਾਣ ਉੱਤੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਗਿਆ।
ਸ੍ਰ. ਐੱਸ. ਪੀ. ਸਿੰਘ ਓਬਰਾਇ ਨੇ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਟਰੱਸਟ ਦੇ ਪ੍ਰਤੀਨਿਧੀ ਜਲਦੀ ਹੀ ਯੂਨੀਵਰਸਿਟੀ ਨਾਲ਼ ਰਾਬਤਾ ਕਾਇਮ ਕਰਨਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਰਾਹੀਂ ਮਦਦ ਦੇਣ ਨੂੰ ਤਰਜੀਹ ਦਿੰਦੇ ਹਨ ਤਾਂ ਕਿ ਅਸਲ ਲੋੜਵੰਦ ਵਿਦਿਆਰਥੀ ਇਸ ਦਾ ਲਾਭ ਲੈ ਸਕਣ।
ਇਸ ਸ੍ਰ. ਓਬਰਾਇ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੀ ਜਾ ਰਹੀ ਯੂਨੀਵਰਸਿਟੀ ਲਈ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਵਾਈਸ ਚਾਂਸਲਰ ਪ੍ਰੋ. ਸਰਬਜਿੰਦਰ ਸਿੰਘ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਅਧਿਆਪਕ ਹਨ, ਵੱਲੋਂ ਵੀ ਸਿ਼ਰਕਤ ਕੀਤੀ ਗਈ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਡਾ. ਜਸਵਿੰਦਰ ਸਿੰਘ ਬਰਾੜ, ਡਾਇਰੈਕਟਰ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਡਾਇਰੈਕਟੋਰੇਟ ਦੇ ਡੀਨ ਪ੍ਰੋ. ਦਮਨਜੀਤ ਸੰਧੂ ਹਾਜ਼ਰ ਰਹੇ।