ਗਰੀਬ ਪਰਿਵਾਰ ਦਾ ਦਰਦ - ਛੱਤ ਡਿੱਗੀ, ਘਰ ਢਹਿਣ ਦੇ ਖੌਫ 'ਚ ਬੀਤ ਰਹੀਆਂ ਰਾਤਾਂ
ਰਵਿੰਦਰ ਸਿੰਘ
ਖੰਨਾ : ਖੰਨਾ ਨੇੜਲੇ ਪਿੰਡ ਕੋਟਲਾ ਭੜੀ ਵਿੱਚ ਰਹਿ ਰਹੇ ਇਕ ਗਰੀਬ ਪਰਿਵਾਰ ਦੀ ਜ਼ਿੰਦਗੀ ਹਾਲਾਤਾਂ ਦੇ ਭਾਰੀ ਬੋਝ ਹੇਠ ਪਿਸ ਰਹੀ ਹੈ। ਬਰਸਾਤ ਦੇ ਦਿਨਾਂ ਨੇ ਇਸ ਪਰਿਵਾਰ ਤੋਂ ਉਹ ਕੁੱਝ ਵੀ ਖੋਹ ਲਿਆ ਹੈ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਢਕ ਰਿਹਾ ਸੀ। ਜਿਹੜੇ ਕਮਰੇ ਵਿੱਚ ਇਹ ਮਾਂ-ਪੁੱਤਰ ਰਹਿੰਦੇ ਸਨ, ਉਸ ਦੀ ਛੱਤ ਹਾਲੀਆ ਮੀਂਹਾਂ ਦੇ ਕਾਰਨ ਡਿੱਗ ਗਈ। ਹੁਣ ਜੋ ਦੂਜਾ ਕਮਰਾ ਬਚਿਆ ਹੈ, ਉਸ ਦੀ ਹਾਲਤ ਵੀ ਇਸ ਹੱਦ ਤੱਕ ਖ਼ਰਾਬ ਹੈ ਕਿ ਹਰ ਰਾਤ ਉਹਨਾਂ ਨੂੰ ਇਹ ਡਰ ਲੱਗਦਾ ਹੈ ਕਿ ਕਿਤੇ ਇਹ ਵੀ ਉੱਪਰੋਂ ਨਾ ਢਹਿ ਪਵੇ।
ਪਰਿਵਾਰ ਦੀ ਮਹਿਲਾ ਨੇ ਅੱਖਾਂ ਭਰ ਆਵਾਜ਼ 'ਚ ਕਿਹਾ, “2005 ਵਿੱਚ ਜਦੋਂ ਮੇਰੇ ਪੁੱਤਰ ਨੇ ਜਨਮ ਲਿਆ, ਕੁਝ ਹੀ ਸਮੇਂ ਬਾਅਦ ਪਤੀ ਨੇ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰ ਲਿਆ। ਮੁਸਲਿਮ ਪਰਿਵਾਰ ਦੇ ਨਾਤੇ ਕੋਈ ਸੁਣਨ ਵਾਲਾ ਨਹੀਂ ਸੀ। ਬੱਚੇ ਨੂੰ ਗੋਦ ਚੁੱਕ ਕੇ ਮੈ ਪੇਕੇ ਆ ਗਈ। ਮਾਂ ਪਿਓ ਦੇ ਨਾਲ ਜ਼ਿੰਦਗੀ ਕੱਟਣੀ ਸ਼ੁਰੂ ਕੀਤੀ ਪਰ ਪਹਿਲਾਂ ਮਾਂ ਨੇ ਸਾਥ ਛੱਡਿਆ ਅਤੇ 2017 ਵਿੱਚ ਪਿਤਾ ਵੀ ਸਦਾ ਲਈ ਚਲਾ ਗਿਆ। ਘਰ ਚਲਾਉਣ ਵਾਲਾ ਕੋਈ ਨਹੀਂ ਬਚਿਆ। ਹੌਲੀ ਹੌਲੀ ਮਕਾਨ ਵੀ ਬੇਸਹਾਰਾ ਹੋ ਗਿਆ।”
ਜਿਸ ਘਰ ਵਿੱਚ ਉਹ ਰਹਿੰਦੇ ਹਨ, ਉਸ ਦੀਆਂ ਕੰਧਾਂ ਵੀ ਕਿਤੇ ਕਿਤੇ ਟੁੱਟੀ ਹੋਈਆਂ ਹਨ ਅਤੇ ਛੱਤੋਂ ਪਾਣੀ ਵਗਦਾ ਹੈ। ਹਰੇਕ ਰਾਤ ਉਹਨਾਂ ਲਈ ਇੱਕ ਸਵਾਲ ਬਣੀ ਹੁੰਦੀ ਹੈ ਕਿ ਕੱਲ੍ਹ ਦੀ ਸਵੇਰ ਉਹ ਕਿਵੇਂ ਵੇਖਣਗੇ।
ਮਹਿਲਾ ਦਾ ਨੌਜਵਾਨ ਪੁੱਤਰ ਜਿਸਨੇ 12ਵੀਂ ਪਾਸ ਕੀਤੀ ਹੈ, ਮਜਬੂਰੀ ਕਰਕੇ ਆਪਣੀ ਪੜ੍ਹਾਈ ਛੱਡ ਦਿੱਤੀ। ਉਹ ਫੁੱਟਬਾਲ ਦਾ ਖਿਡਾਰੀ ਬਣਨਾ ਚਾਹੁੰਦਾ ਸੀ, ਪਰ ਗਰੀਬੀ ਨੇ ਉਸਦੇ ਹੌਂਸਲੇ ਨੂੰ ਬੰਨ੍ਹ ਕੇ ਰੱਖਿਆ ਹੈ। ਕਦੇ ਕਦੇ ਟੂਰਨਾਮੈਂਟ ਖੇਡ ਕੇ ਜੋ ਕੁਝ ਪੈਸੇ ਮਿਲਦੇ ਹਨ, ਉਹ ਮਾਂ ਦੇ ਹੱਥ ਵਿੱਚ ਰੱਖ ਦਿੰਦਾ ਹੈ ਤਾਂ ਜੋ ਘਰ ਦੀ ਰੋਟੀ ਪਕ ਸਕੇ।
ਉਹ ਪਰਿਵਾਰ ਸਰਕਾਰ ਅਤੇ ਸਥਾਨਕ ਲੋਕਾਂ ਵੱਲ ਤੱਕ ਰਿਹਾ ਹੈ ਕਿ ਕੋਈ ਹੌਂਸਲਾ ਦੇਵੇ, ਕੋਈ ਸਹਾਰਾ ਬਣੇ।