ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਚ ਨਸ਼ਿਆਂ ਨੂੰ ਠੱਲ੍ਹ ਪਾਉਣ ਚ ਕਾਮਯਾਬ: ਕੁਲਵੰਤ ਸਿੰਘ
ਹਰਜਿੰਦਰ ਸਿੰਘ ਭੱਟੀ
- ਹੁਣ ਤੱਕ 150 ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ 'ਤੇ ਚਲਾਇਆ ਜਾ ਚੁੱਕਾ ਹੈ ਬੁਲਡੋਜ਼ਰ : ਕੁਲਵੰਤ ਸਿੰਘ
- ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਮੌਲੀ ਵੈਦਵਾਨ, ਸੁੱਖਗੜ੍ਹ, ਮਾਣਕ ਮਾਜਰਾ ਅਤੇ ਧੁਰਾਲੀ- ਚਾਊ ਮਾਜਰਾ ਵਿਖੇ ਨਸ਼ਾ ਮੁਕਤੀ ਯਾਤਰਾ ਦੌਰਾਨ ਸਮਾਗਮਾਂ ਨੂੰ ਕੀਤਾ ਸੰਬੋਧਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਜੁਲਾਈ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਖਤਮ ਕਰਨ ਲਈ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਨ੍ਹਾਂ ਉਪਰਾਲਿਆਂ ਦਾ ਪੰਜਾਬ ਵਿੱਚ ਸਪੱਸ਼ਟ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਨਸ਼ਿਆਂ ਨੂੰ ਠੱਲ੍ਹ ਪਈ ਹੈ।
ਇਹ ਪ੍ਰਗਟਾਵਾ ਵਿਧਾਇਕ ਐਸ ਏ ਐਸ ਨਗਰ ਸ. ਕੁਲਵੰਤ ਸਿੰਘ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਚ ਨਸ਼ਾ ਮੁਕਤੀ ਯਾਤਰਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਅੱਜ ਪਿੰਡ ਮੌਲੀ ਵੈਦਵਾਨ ਵਿਖੇ ਗੁਰਸੇਵਕ ਸਿੰਘ ਅਤੇ ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ ਦੀ ਅਗਵਾਈ ਹੇਠ- ਯੁੱਧ ਨਸ਼ਿਆਂ ਵਿਰੁੱਧ- ਮੁਹਿੰਮ ਦੇ ਤਹਿਤ ਰੱਖੇ ਗਏ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਿੰਡ ਮੌਲੀ ਵੈਦਵਾਨ ਪੁੱਜੇ ਸਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੱਲੋਂ ਪੰਜਾਬ ਵਿੱਚੋਂ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਲਈ ਬਣਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਕੋਹੜ ਲਗਾਤਾਰ ਵਧਦਾ ਗਿਆ, ਜਿਸਦੀ ਲਪੇਟ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨ ਫਸ ਗਏ।
ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਾਸੀਆਂ ਨਾਲ ਪੰਜਾਬ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਦਾ ਜੋ ਵਾਅਦਾ ਕੀਤਾ ਸੀ, ਉਸ ਵਾਅਦੇ ਨੂੰ ਪੂਰਾ ਕਰਨ ਲਈ ਭਗਵੰਤ ਸਿੰਘ ਮਾਨ ਪਿਛਲੇ 3 ਸਾਲਾਂ ਤੋਂ ਲੱਗੇ ਹੋਏ ਸਨ ਅਤੇ ਹੁਣ ਇਸ ਕੋਹੜ ਵਿਰੁੱਧ ਜੰਗੀ ਪੱਧਰ ਤੇ ਮੋਰਚਾ ਖ਼ੋਲਿਆ ਗਿਆ ਹੈ।
ਉਹਨਾਂ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਹੁਣ ਤੱਕ ਲਗਭੱਗ 150 ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ 'ਤੇ ਬੁਲਡੋਜ਼ਰ ਚਲਾਇਆ ਜਾ ਚੁੱਕਾ ਹੈ, ਅਤੇ 22 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਨੂੰ ਫੜਿਆ ਜਾ ਚੁੱਕਾ ਹੈ।ਉਹਨਾਂ ਕਿਹਾ ਕਿ ਸਰਕਾਰ ਦੀ ਨੀਤੀ ਹੈ ਕਿ ਜਾਂ ਤਾਂ ਨਸ਼ਾ ਵੇਚਣਾ ਛੱਡੋ ਜਾਂ ਪੰਜਾਬ ਛੱਡੋ।
ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਾਨ ਸਰਕਾਰ ਨੇ ਪੰਜਾਬ ਵਿੱਚ “ਨਸ਼ਾ ਮੁਕਤੀ ਯਾਤਰਾ” ਦੀ ਇਤਿਹਾਸਕ ਸ਼ੁਰੂਆਤ ਕੀਤੀ ਹੈ, ਇਸ ਯਾਤਰਾ ਨਾਲ ਪਿੰਡਾਂ ਅਤੇ ਵਾਰਡਾਂ ਤੱਕ ਜਾਗਰੂਕਤਾ ਦਾ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਛੱਡਣ ਵਾਸਤੇ ਉਤਸ਼ਾਹਿਤ ਕਰਨ ਲਈ, ਨਸ਼ਾ ਛੱਡ ਚੁੱਕੇ ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਰੋਜ਼ਗਾਰ ਲਈ ਲੋੜੀਂਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਇਹ ਨਸ਼ਾ ਮੁਕਤੀ ਯਾਤਰਾ ਕੋਈ ਸਿਆਸੀ ਯਾਤਰਾ ਨਹੀਂ ਹੈ, ਇਹ ਇੱਕ ਸਮਾਜਿਕ ਸੰਕਲਪ ਹੈ, ਇਸ ਸਮਾਜ ਦੇ ਹਰ ਵਰਗ ਨੂੰ ਇਸ ਅੰਦੋਲਨ ਨਾਲ ਜੁੜਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇਹ ਸਾਰਿਆਂ ਦੀ ਸਾਂਝੀ ਲੜਾਈ ਹੈ ਜਿਸ ਨੂੰ ਇਕੱਲੀ ਪੁਲਿਸ ਨਹੀਂ ਜਿੱਤ ਸਕਦੀ, ਅਸਲ ਸਿਪਾਹੀ ਲੋਕ ਹਨ, ਜੋ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਬਿਮਾਰੀ ਤੋਂ ਬਚਾਅ ਸਕਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਵਿੱਚ ਕੋਈ ਨਸ਼ਾ ਨਹੀਂ ਵਿਕੇਗਾ ਅਤੇ ਕੋਈ ਨਸ਼ਾ ਤਸਕਰ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਦਾਖ਼ਲ ਹੋਣ ਦੀ ਹਿੰਮਤ ਨਹੀਂ ਕਰੇਗਾ। ਇਸ ਸਭ ਲਈ ਲੋਕਾਂ ਦੇ ਸਹਿਯੋਗ ਦੀ ਜਰੂਰਤ ਹੈ। ਇਸ ਲਈ ਜੇਕਰ ਆਲੇ ਦੁਆਲੇ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸਦੀ ਜਾਣਕਾਰੀ ਉਨ੍ਹਾਂ ਨੂੰ ਜਾਂ ਨਜ਼ਦੀਕੀ ਥਾਣੇ ਵਿੱਚ ਦਿੱਤੀ ਜਾਵੇ।ਵਿਧਾਇਕ ਕੁਲਵੰਤ ਸਿੰਘ ਨੇ ਸਭਨਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਉਂਦੇ ਹੋਏ ਕਿਹਾ ਕਿ ਆਓ, ਮਿਲਕੇ ਸਹੁੰ ਖਾਈਏ — ਨਾ ਅਸੀਂ ਨਸ਼ਾ ਕਰਾਂਗੇ, ਨਾ ਕਰਨ ਦਿਆਂਗੇ ਅਤੇ ਨਾ ਕਿਸੇ ਨੂੰ ਵੇਚਣ ਦਿਆਂਗੇ। ਅਸੀਂ ਸਭ ਮਿਲਕੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਅਤੇ ਨਸ਼ਾ ਮੁਕਤ ਬਣਾਵਾਂਗੇ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪਿੰਡ ਮੌਲੀ ਵੈਦਵਾਨ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਪੰਚ ਗੁਰਸੇਵਕ ਸਿੰਘ ਅਤੇ ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ ਦੀ ਅਗਵਾਈ ਹੇਠ ਕਰਾਏ ਗਏ ਇਸ ਸਮਾਗਮ ਦੇ ਵਿੱਚ ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਨਸ਼ੇ ਨਾ ਕਰਨ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸਰਕਾਰ ਨੂੰ ਸਹਿਯੋਗ ਕਰਨ ਦਾ ਪ੍ਰਣ ਦੁਹਰਾਇਆ।
ਵਿਧਾਇਕ ਕੁਲਵੰਤ ਸਿੰਘ ਪਿੰਡ ਮੌਲੀ ਵੈਦਵਾਨ ਤੋਂ ਇਲਾਵਾ ਪਿੰਡ ਧੁਰਾਲੀ ਅਤੇ ਚਾਊ ਮਾਜਰਾ ਸੁਖਗੜ ਅਤੇ ਪਿੰਡ ਮਾਣਕ ਮਾਜਰਾ ਵਿਖੇ ਵੀ ਪਹੁੰਚੇ। ਇਹਨਾਂ ਪਿੰਡਾਂ ਦੇ ਵਿੱਚ ਉਹਨਾਂ ਹਾਜ਼ਰ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸਰਕਾਰ ਦੁਆਰਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਿੱਚ ਸਹਿਯੋਗ ਕਰਨ ਦੀ ਫਿਰ ਤੋਂ ਅਪੀਲ ਕੀਤੀ। ਪਿੰਡ ਮੌਲੀ ਵੈਦਵਾਨ ਵਿਖੇ ਐਸ.ਡੀ.ਐਮ. ਮੋਹਾਲੀ- ਦਮਨਦੀਪ ਕੌਰ, ਡੀ.ਐਸ.ਪੀ. ਹਰਸਿਮਰਤ ਸਿੰਘ ਬੱਲ, ਸਤਵਿੰਦਰ ਸਿੰਘ ਮਿੱਠੂ, ਹਰਜੋਤ ਸਿੰਘ ਗੱਬਰ, ਭੁਪਿੰਦਰ ਸਿੰਘ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ ਕੁਰੜਾ ਜਦ ਕਿ ਪਿੰਡ ਚਾਓ ਮਾਜਰਾ ਵਿਖੇ ਹੋਏ ਸਮਾਗਮ ਦੇ ਵਿੱਚ ਰਣਧੀਰ ਸਿੰਘ ਸਰਪੰਚ ਚਾਓ ਮਾਜਰਾ, ਮਲਕੀਤ ਸਿੰਘ ਸਰਪੰਚ ਧੁਰਾਲੀ, ਦਮਨਦੀਪ ਕੌਰ ਐਸ.ਡੀ.ਐਮ. ਮੋਹਾਲੀ, ਗੁਰਪ੍ਰੀਤ ਸਿੰਘ ਕੁਰੜਾ, ਪਿੰਡ ਸੁੱਖਗੜ੍ਹ ਵਿਖੇ ਕੁਲਵੀਰ ਕੌਰ ਪਤਨੀ ਬਲਕਾਰ ਸਿੰਘ ਸਰਪੰਚ, ਹਰਜੋਤ ਸਿੰਘ -ਨਾਇਬ ਤਹਸੀਲਦਾਰ, ਡੀ.ਐਸ.ਪੀ. ਹਰਸਿਮਰਤ ਸਿੰਘ ਬੱਲ, ਜਸਪਾਲ ਮਸੀਹ -ਜੇ.ਈ., ਪਿੰਡ ਮਾਣਕ ਮਾਜਰਾ ਵਿਖੇ ਪਰਮਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ, ਰਾਜਵੀਰ ਸਿੰਘ ,ਗਗਨਦੀਪ ਸਿੰਘ, ਪਰਗਟ ਸਿੰਘ, ਧਰਮਪ੍ਰੀਤ ਸਿੰਘ, ਵੀ ਹਾਜ਼ਰ ਸਨ।