ਦਿੱਲੀ ਪੁਲਿਸ ਵੱਲੋਂ ਨੌਜਵਾਨ-ਵਿਦਿਆਰਥੀ ਕਾਰਕੁਨਾਂ ਨੂੰ ਤਸੀਹੇ ਦੇਣ ਦਾ ਜਮਹੂਰੀ ਫਰੰਟ ਪੰਜਾਬ ਵੱਲੋਂ ਤਿੱਖਾ ਵਿਰੋਧ
ਚੰਡੀਗੜ੍ਹ, 19 ਜੁਲਾਈ 2025- ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਠੋਸ ਤੱਥਾਂ , ਹਲਫ਼ੀਆ ਬਿਆਨਾਂ, ਗੰਭੀਰ ਜਾਂਚ ਪੜਤਾਲ ਉਪਰੰਤ ਇਕੱਤਰ ਪੜਤਾਲੀਆ ਰਿਪੋਰਟ ਦੇ ਆਧਾਰ ਤੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਵਿਦਿਆਰਥੀ ਕਾਰਕੁਨਾਂ ਗੁਰਕੀਰਤ, ਗੌਰਵ, ਗੌਰਾਂਗ, ਬਾਦਲ ਅਤੇ ਸਮਾਜਿਕ ਕਾਰਕੁਨ ਸਮਰਾਟ ਸਿੰਘ ਨੂੰ ਅੱਠ-ਨੌ ਦਿਨ ਗ਼ੈਰਕਾਨੂੰਨੀ ਹਿਰਾਸਤ ਵਿਚ ਰੱਖਕੇ ਬੇਕਿਰਕੀ ਨਾਲ ਅਣਮਨੁੱਖੀ ਤਸੀਹੇ ਦੇਣ ਤੋਂ ਬਾਅਦ ਭਾਵੇਂ ਰਿਹਾਅ ਕਰ ਦਿੱਤਾ ਗਿਆ ਪਰ ਗੈਰ ਕਾਨੂੰਨੀ ਹਿਰਾਸਤ ਵਿਚ ਉਹਨਾਂ ਉਪਰ ਲੂੰ ਕੰਡੇ ਖੜ੍ਹੇ ਕਰਨ ਵਾਲੇ ਜ਼ੁਲਮ ਦੀ ਇੰਤਹਾ ਕੀਤੀ ਗਈ।
ਇਹ ਵੀ ਜ਼ਿਕਰਯੋਗ ਹੈ ਕਿ ਐਡਵੋਕੇਟ ਏਹਤਿਮਾਮ ਉਲ ਹੱਕ ਅਜੇ ਵੀ ਦਿੱਲੀ ਪੁਲਿਸ ਦੀ ਗ਼ੈਰਕਾਨੂੰਨੀ ਹਿਰਾਸਤ ਵਿਚ ਹਨ। ਕੁਝ ਕਾਰਕੁਨਾਂ ਦੇ ਰਿਹਾਅ ਹੋਣ ਤੋਂ ਬਾਅਦ ਹੀ ਇਹ ਪਤਾ ਲੱਗਿਆ ਹੈ ਕਿ ਦਿੱਲੀ ਪੁਲਿਸ ਵੱਲੋਂ ਸ਼ਹੀਦ ਭਗਤ ਸਿੰਘ ਛਾਤਰ ਏਕਤਾ ਮੰਚ ਦੇ ਕਾਰਕੁਨਾਂ ਗੁਰਕੀਰਤ, ਗੌਰਵ ਅਤੇ ਗੌਰਾਂਗ ਨੂੰ ਬਿਨਾਂ ਕਿਸੇ ਗਿ੍ਰਫ਼ਤਾਰੀ ਵਾਰੰਟ ਜਾਂ ਨੋਟਿਸ ਦੇ 9 ਜੁਲਾਈ 2025 ਨੂੰ ਅਗਵਾ ਕੀਤਾ। ਕਾਨੂੰਨ ਦੀਆਂ ਧੱਜੀਆਂ ਉਡਾਕੇ ਉਨ੍ਹਾਂ ਨੂੰ ਨਿਊ ਫਰੈਂਡਜ਼ ਕਾਲੋਨੀ ਥਾਣੇ ’ਚ ਰੱਖਿਆ ਗਿਆ, ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਅਤੇ ਆਪਣੀ ਡਿਫੈਂਸ ਲਈ ਕਿਸੇ ਵਕੀਲ ਨਾਲ ਸੰਪਰਕ ਕਰਨ ਦੇ ਕਾਨੂੰਨੀ ਹੱਕ ਤੋਂ ਵਾਂਝੇ ਰੱਖਿਆ ਗਿਆ।
11 ਜੁਲਾਈ ਨੂੰ ਐਡਵੋਕੇਟ ਏਹਤਿਮਾਮ ਅਤੇ ਬਾਦਲ ਨੂੰ ਵੀ ਇਸੇ ਤਰ੍ਹਾਂ ਚੁੱਕ ਲਿਆ ਗਿਆ, ਜਦਕਿ ਇਸੇ ਦਿਨ ਮਨੋਵਿਗਿਆਨੀ ਅਤੇ ਸਮਾਜਕ ਕਾਰਕੁਨ ਸਮਰਾਟ ਸਿੰਘ ਨੂੰ ਹਰਿਆਣਾ ਦੇ ਯਮੁਨਾਨਗਰ ਵਿਚਲੇ ਉਨ੍ਹਾਂ ਦੇ ਘਰ ਤੋਂ ਦਿੱਲੀ ਪੁਲਿਸ ਵੱਲੋਂ ਬਿਨਾਂ ਸਥਾਨਕ ਪੁਲਿਸ ਨੂੰ ਸੂਚਿਤ ਕੀਤੇ ਅਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਗਿ੍ਰਫ਼ਤਾਰ ਕਰ ਲਿਆ ਗਿਆ।
ਹਿਰਾਸਤ ਦੌਰਾਨ ਇਨ੍ਹਾਂ ਕਾਰਕੁਨਾਂ ਨੂੰ ਨੰਗਾ ਕਰਕੇ ਬੇਤਹਾਸ਼ਾ ਕੁੱਟਮਾਰ ਕੀਤੀ ਗਈ, ਬਿਜਲੀ ਦੇ ਝਟਕੇ ਦਿੱਤੇ ਗਏ ਅਤੇ ਉਨ੍ਹਾਂ ਦੇ ਸਿਰ ਟਾਇਲਟ ਵਿਚ ਧੱਕਕੇ ਬੁਰੀ ਤਰ੍ਹਾਂ ਜ਼ਲੀਲ ਕੀਤਾ ਗਿਆ। ਵਿਦਿਆਰਥਣਾਂ ਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਗਈਆਂ ਜੋ ਕਿ ਭਾਰਤੀ ਕਾਨੂੰਨ ਅਤੇ ਅੰਤਰਰਾਸ਼ਟਰੀ ਕਨਵੈਨਸ਼ਨਾਂ ਦੀ ਸਿੱਧੀ ਉਲੰਘਣਾ ਹੈ। ਇਸ ਗ਼ੈਰਕਾਨੂੰਨੀ ਹਿਰਾਸਤ, ਹਿਰਾਸਤ ਵਿਚ ਤਸੀਹੇ ਅਤੇ ਬਲਾਤਕਾਰ ਦੀਆਂ ਧਮਕੀਆਂ ਦਾ ਮਨੋਰਥ ਜੁਝਾਰੂ ਵਿਦਿਆਰਥੀਆਂ-ਨੌਜਵਾਨਾਂ ਦੇ ਸਵੈਮਾਣ ਨੂੰ ਕੁਚਲਣਾ ਅਤੇ ਜ਼ੁਬਾਨਬੰਦੀ ਕਰਨਾ ਹੈ।
ਇਹ ਸੱਤਾ ਦੀਆਂ ਨੀਤੀਆਂ ਉੱਪਰ ਸਵਾਲ ਉਠਾਉਣ ਅਤੇ ਸੰਘਰਸ਼ ਤੇ ਜਥੇਬੰਦੀ ਦੇ ਜਮਹੂਰੀ ਹੱਕ ਉੱਪਰ ਸਿੱਧਾ ਹਮਲਾ ਹੈ। ਲੜਕੀਆਂ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਰੱਖ ਕੇ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ।ਸੈਕਸੂਅਲੀ ਜ਼ਲੀਲ ਕੀਤਾ ਗਿਆ।ਇਹ ਸਭ ਕੁਝ ਫੋਰਮ ਅਗੇਂਸਟ ਕਾਰਪੋਰੇਟਾਈਜੇਸਨ ਅਤੇ ਗਲੋਬੇਲਾਈਜੇਸਨ ਵੱਲੋਂ ਦਿੱਲੀ ਅਤੇ ਹਰਿਆਣਾ ਵਿਚ ਕੀਤੀਆਂ ਸਰਗਰਮੀਆਂ ਤੋਂ ਬੁਖਲਾਹਟ ਵਿੱਚ ਆ ਕੇ ਕੀਤਾ ਗਿਆ ਹੈ। ਜਮਹੂਰੀ ਕਦਰਾਂ-ਕੀਮਤਾਂ ਦੇ ਮੁਦੱਈ ਸਮੂਹ ਇਨਸਾਫ਼ਪਸੰਦ ਲੋਕਾਂ ਨੂੰ ਇਸ ਲਾਕਾਨੂੰਨੀ ਹਿਰਾਸਤ ਅਤੇ ਤਸ਼ੱਦਦ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ।
ਜਮਹੂਰੀ ਫਰੰਟ ਮੰਗ ਕਰਦਾ ਹੈ ਕਿ ਐਡਵੋਕੇਟ ਏਹਤਿਮਾਮ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਨ੍ਹਾਂ ਕਾਰਕੁਨਾਂ ਨੂੰ ਅਗਵਾ ਕਰਨ, ਗ਼ੈਰਕਾਨੂੰਨੀ ਹਿਰਾਸਤ ਵਿਚ ਰੱਖਣ ਅਤੇ ਤਸੀਹੇ ਦੇਣ ਵਾਲੇ ਦਿੱਲੀ ਪੁਲਿਸ ਦੇ ਸੰਬੰਧਤ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਕੇ ਉਨ੍ਹਾਂ ਵਿਰੁੱਧ ਢੁਕਵੀਆਂ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੱਤਾਧਾਰੀ ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਉੱਪਰ ਸਵਾਲ ਉਠਾਉਣ ਵਾਲੇ ਵਿਦਿਆਰਥੀਆਂ ਅਤੇ ਹੋਰ ਜਾਗਰੂਕ ਨਾਗਰਿਕਾਂ ਦੀ ਜ਼ੁਬਾਨਬੰਦੀ ਕਰਨ ਲਈ ਉਨ੍ਹਾਂ ਦੀ ਮੁਜਰਮਾਂ ਵਾਂਗ ਜਾਸੂਸੀ ਕਰਾਉਣਾ, ਉਨ੍ਹਾਂ ਨੂੰ ਅਗਵਾ ਕਰਕੇ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਣਾ ਤੇ ਤਸੀਹੇ ਦੇਣਾ ਅਤੇ ਪੁਲਿਸ ਤੇ ਹੋਰ ਸਰਕਾਰੀ ਏਜੰਸੀਆਂ ਨੂੰ ਹਥਿਆਰ ਬਣਾ ਕੇ ਰਾਜਕੀ ਦਹਿਸ਼ਤ ਫੈਲਾਉਣਾ ਬੰਦ ਕੀਤਾ ਜਾਏ।