ਪੀ.ਏ.ਯੂ. ਦੇ ਵਿਦਿਆਰਥੀ ਨੂੰ ਵੱਕਾਰੀ ਇੰਸਪਾਇਰ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ
ਲੁਧਿਆਣਾ 1 ਜੁਲਾਈ,2025 - ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਵਿਚ ਪੀ ਐੱਚ ਡੀ ਦੇ ਖੋਜਾਰਥੀ ਸ਼੍ਰੀ ਸਿਧਾਰਥ ਤੋਮਰ ਨੂੰ ਰਾਸ਼ਟਰੀ ਪੱਧਰ ਤੇ ਵੱਕਾਰੀ ਇੰਸਪਾਇਰਡ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ| ਇਹ ਫੈਲੋਸ਼ਿਪ ਪੰਜ ਸਾਲ ਦੇ ਵਕਫੇ ਲਈ ਪੀ ਐੱਚ ਡੀ ਦੀ ਖੋਜ ਵਾਸਤੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਦਿੱਤੀ ਜਾਂਦੀ ਹੈ| ਸ਼੍ਰੀ ਸਿਧਾਰਥ ਤੋਮਰ ਆਪਣਾ ਖੋਜ ਕਾਰਜ ਮੱਕੀ ਅਤੇ ਕਣਕ ਦੇ ਫਸਲੀ ਚੱਕਰ ਦੀ ਉਤਪਾਦਿਕਤਾ ਉੱਪਰ ਜ਼ਿੰਕ ਅਤੇ ਮੈਂਗਨੀਜ਼ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਕੇ ਕਰ ਰਹੇ ਹਨ| ਉਹਨਾਂ ਦੇ ਮੁੱਖ ਖੋਜ ਨਿਗਰਾਨ ਵਜੋਂ ਡਾ. ਵਿਵੇਕ ਸ਼ਰਮਾ ਆਪਣੀ ਜ਼ਿੰਮੇਵਾਰੀ ਨਿਭਾਉਣਗੇ|
ਇਸ ਦੌਰਾਨ ਡਾ. ਵਿਵੇਕ ਸ਼ਰਮਾ ਨੇ ਦੱਸਿਆ ਕਿ ਜ਼ਿੰਕ ਅਤੇ ਮੈਂਗਨੀਜ਼ ਦਾ ਮੱਕੀ-ਕਣਕ ਫਸਲੀ ਚੱਕਰ ਦੌਰਾਨ ਮਿੱਟੀ ਉੱਤੇ ਪਾਏ ਪ੍ਰਭਾਵ ਦਾ ਵਿਸ਼ਲੇਸ਼ਣ ਕਰਨ ਨਾਲ ਨਾ ਸਿਰਫ ਖਾਦਾਂ ਦੀ ਸੁਚੱਜੀ ਵਰਤੋਂ ਦਾ ਰਾਹ ਸਾਫ ਹੋਵੇਗਾ ਬਲਕਿ ਇਸ ਫਸਲੀ ਚੱਕਰ ਨੂੰ ਹੋਰ ਵਧਾਵਾ ਮਿਲਣ ਦੀ ਆਸ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਰਾਜੀਵ ਸਿੱਕਾ ਨੇ ਸ਼੍ਰੀ ਸਿਧਾਰਥ ਤੋਮਰ ਅਤੇ ਉਹਨਾਂ ਦੇ ਨਿਗਰਾਨ ਨੂੰ ਇਸ ਫੈਲੋਸ਼ਿਪ ਲਈ ਵਧਾਈ ਦਿੱਤੀ|