ਸਿਹਤ ਵਿਭਾਗ ਨਥਾਣਾ ਵੱਲੋਂ ਦਸਤ ਰੋਕੂ ਪੰਦਰਵਾੜੇ ਅਤੇ ਪਰਿਵਾਰ ਨਿਯੋਜਨ ਪ੍ਰੋਗਰਾਮਾਂ ਸਬੰਧੀ ਮੀਟਿੰਗ
ਅਸ਼ੋਕ ਵਰਮਾ
ਨਥਾਣਾ, 1 ਜੁਲਾਈ, 2025:ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਨਥਾਣਾ ਵਿਖੇ ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਮੀਟਿੰਗ ਹਾਲ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਸਬੰਧੀ ਸਿਹਤ ਸੁਪਰਵਾਈਜਰ ਫੀਮੇਲ ਤੇ ਏ.ਐਨ.ਐਮ ਸਟਾਫ਼ ਨਾਲ ਮਹੀਨਾਵਾਰ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ‘ਤੀਬਰ ਦਸਤ ਰੋਕੂ ਪੰਦਰਵਾੜੇ’ ਤਹਿਤ ‘ਡਾਇਰੀਆ ਕੀ ਰੋਕਥਾਮ, ਸਫਾਈ ਅਤੇ ਓ.ਆਰ.ਐਸ ਨਾਲ ਰੱਖੋ ਆਪਣਾ ਧਿਆਨ’ ਦੇ ਨਾਅਰੇ ਹੇਠ ਲੋਕਾਂ ਵਿੱਚ ਵੱਖ-ਵੱਖ ਜਾਗਰੂਕਤਾ ਢੰਗ ਤਰੀਕੇ ਅਪਣਾ ਕੇ ਡਾਇਰੀਆ ਤੋਂ ਬਚਾਅ ਲਈ ਸੁਚੇਤ ਕਰਨ ਸਬੰਧੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਪੰਦਰਵਾੜੇ ਤਹਿਤ ਓ.ਆਰ.ਐਸ. ਤੇ ਜ਼ਿੰਕ ਕਾਰਨਰ ਬਣਾ ਕੇ ਇਸ ਦੀ ਮਹੱਤਤਾ ਤੋਂ ਵੀ ਜਾਣੂ ਕਰਾਇਆ ਜਾਵੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਨਵਦੀਪ ਕੌਰ ਸਰਾਂ ਨੇ ਦੱਸਿਆ ਕਿ ਬੱਚੇ ਦੇਸ਼ ਦਾ ਭਵਿੱਖ ਹਨ, ਭਵਿੱਖ ਤਾਂ ਹੀ ਉੱਜਵਲ ਹੋਵੇਗਾ ਜੇਕਰ ਉਹ ਤੰਦਰੁਸਤ ਹੋਵੇਗਾ, ਇਸ ਲਈ ਇਸ ਪੰਦਰਵਾੜੇ ਦਾ ਮੁੱਖ ਮੰਤਵ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਸਿਹਤ 'ਤੇ ਵਿਸ਼ੇਸ਼ ਧਿਆਨ ਦੇਣਾ ਹੈ। ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਡਾਇਰੀਆ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਜ਼ੀਰੋ 'ਤੇ ਲਿਆਉਣਾ ਹੈ। ਸੰਸਾਰ ਵਿਚ ਹਰ ਸਾਲ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀਆਂ ਲੱਖਾਂ ਮੌਤਾਂ ਕੇਵਲ ਡਾਇਰੀਆ ਕਾਰਨ ਹੀ ਹੁੰਦੀਆਂ ਹਨ। ਇਸ ਲਈ ਤੀਬਰ ਦਸਤ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਸ਼ੇਸ਼ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਘਰ-ਘਰ ਵਿੱਚ ਜਿੱਥੇ 0 ਤੋ 5 ਸਾਲ ਤੋਂ ਛੋਟੇ ਬੱਚੇ ਹਨ, ਆਸ਼ਾ ਵਲੋਂ ਓ.ਆਰ.ਐਸ. ਦੇ ਪੈਕਟ ਮੁਫ਼ਤ ਵੰਡੇ ਜਾਣਗੇ ਅਤੇ ਦਸਤ ਹੋਣ ਦੀ ਹਾਲਤ ਵਿਚ ਜ਼ਿੰਕ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਜਾਣਗੀਆਂ। ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੱਖ ਵੱਖ ਪਿੰਡਾਂ ਦੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਜਾ ਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਡਾਇਰੀਆ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਹਦਾਇਤ ਕੀਤੀ।
ਇਸ ਮੌਕੇ ਡਾ. ਅਰੀਨਾ ਬਾਂਸਲ ਵੱਲੋਂ ਮੁਕੰਮਲ ਟੀਕਾਕਰਨ ਯਕੀਨੀ ਬਣਾਉਣ, ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਵਿਸ਼ੇਸ਼ ਜਾਂਚ ਕਰਾਉਣ ਅਤੇ ਵੱਧ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਮੁੱਖ ਸੁਝਾਅ ਸਿਫਾਰਸ਼ ਕੀਤੇ ਗਏ ਜਿਵੇਂ ਕਿ ਘੱਟ ਨਮਕ ਵਾਲਾ ਭੋਜਨ, ਨਿਯਮਤ ਕਸਰਤ, ਤਣਾਅ ਤੋਂ ਦੂਰ ਰਹਿਣਾ, ਨਿਯਮਤ ਰਕਤਚਾਪ ਦੀ ਜਾਂਚ ਕਰਾਉਣ ਲਈ ਕਿਹਾ ਗਿਆ। ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਕਿਹਾ ਕਿ ਹੱਥਾਂ ਦੀ ਸਾਫ਼-ਸਫਾਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਜੇਕਰ ਹੱਥ ਸਾਫ ਹੋਣਗੇ ਤਾਂ ਬਹੁਤ ਸਾਰੀਆਂ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਡਾਇਰੀਆ ਲਈ ਸਾਵਧਾਨੀਆਂ ਵਰਤਣ ਦੀ ਵੀ ਅਪੀਲ ਕੀਤੀ। ਇਸ ਮੌਕੇ ਮੌਸਮੀ ਬਿਮਾਰੀਆਂ ਡੇਂਗੂ ਮਲੇਰੀਆ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਕਰਨ ਸਬੰਧੀ ਸੁਝਾਅ ਵੀ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਅਨੀਤਾ ਰਾਣੀ ਅੰਕੜਾ ਸਹਾਇਕ, ਸਰਬਜੀਤ ਸਿੰਘ ਇਨਫਾਰਮੇਸ਼ਨ ਅਸਿਸਟੈਂਟ ਅਤੇ ਕੁਲਵਿੰਦਰ ਕੌਰ ਨੇ ਵੀ ਸਟਾਫ ਨਾਲ ਵਿਚਾਰ ਚਰਚਾ ਕੀਤੀ।