ਸਿਹਤ ਵਿਭਾਗ ਨੇ ਆਮ ਆਦਮੀ ਕਲੀਨਿਕਾਂ ਵਿੱਚ ਸੇਵਾਵਾਂ ਨਿਭਾ ਰਹੇ ਮੈਡੀਕਲ ਅਫ਼ਸਰਾਂ ਦੀ ਟਰੇਨਿੰਗ ਲਗਾਈ
ਰੈਬੀਜ, ਕੁਪੋਸ਼ਨ ਅਤੇ ਗੈਰ ਸੰਚਾਰੀ ਰੋਗਾਂ ਵਿਸ਼ੇ 'ਤੇ ਕੀਤੀ ਚਰਚਾ
ਰੋਹਿਤ ਗੁਪਤਾ
ਗੁਰਦਾਸਪੁਰ, 01 ਜੁਲਾਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਸਿਹਤ ਪੰਜਾਬ ਦੀਆਂ ਹਿਦਾਇਤਾਂ ਅਨੁਸਾਰ ਰੈਬੀਜ, ਕੁਪੋਸ਼ਨ ਅਤੇ ਗੈਰ ਸੰਚਾਰੀ ਰੋਗਾਂ ਵਿਸ਼ੇ 'ਤੇ ਸਿਹਤ ਵਿਭਾਗ ਵੱਲੋਂ ਗੁਰਦਾਸਪੁਰ ਵਿਖੇ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫ਼ਸਰਾਂ ਦੀ ਇੱਕ ਦਿਨਾਂ ਟਰੇਨਿੰਗ ਲਗਾਈ ਗਈ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਗੈਰ ਸੰਚਾਰੀ ਰੋਗ ਮਹਾਂਮਾਰੀ ਵਾਂਗੂ ਫੈਲ ਰਹੇ ਹਨ ਅਤੇ ਇੱਕ ਅਧਿਐਨ ਅਨੁਸਾਰ 40 ਫ਼ੀਸਦੀ ਲੋਕ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹਨ, ਜਦਕਿ 10 ਫ਼ੀਸਦੀ ਲੋਕ ਸ਼ੱਕਰ ਰੋਗ ਦੇ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਲਕਵਾ ਦੇ ਮਰੀਜ਼ਾਂ ਦੀ ਸੰਖਿਆ ਵੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਲਗਾਤਾਰ ਵੱਧ ਰਿਹਾ ਹੈ ਅਤੇ ਲੋਕ ਮੌਤ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਹਰੇਕ ਸਿਹਤ ਸੰਸਥਾ ਵਿੱਚ ਬੀਪੀ ਅਤੇ ਸ਼ੂਗਰ ਦਾ ਟੈੱਸਟ ਲਾਜ਼ਮੀ ਕੀਤਾ ਜਾ ਰਿਹਾ ਹੈ। ਮੁੱਢਲੇ ਪੱਧਰ 'ਤੇ ਇਲਾਜ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਰਿਹਾ ਹੈ।
ਇਸ ਮੌਕੇ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੂਹ ਆਮ ਆਦਮੀ ਕਲੀਨਿਕਾਂ ਵਿੱਚ 12 ਨਵੀਆਂ ਸਿਹਤ ਸਹੂਲਤਾਂ ਦਾ ਲਾਭ ਲੋਕਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਰੈਬੀਜ ਇੱਕ ਖ਼ਤਰਨਾਕ ਰੋਗ ਹੈ ਅਤੇ ਇਸ ਜਾਨਲੇਵਾ ਰੋਗ ਦੇ ਇਲਾਜ ਬਾਰੇ ਮੈਡੀਕਲ ਅਫ਼ਸਰਾਂ ਨੂੰ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਨਵਰਾਂ ਦੇ ਕੱਟਣ 'ਤੇ ਰੈਬੀਜ ਟੀਕਾਕਰਨ ਜਲਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਰੈਬੀਜ ਬਾਰੇ ਜਾਗਰੂਕਤਾ ਵਧਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਟੋਟਕਿਆਂ 'ਤੇ ਵਿਸ਼ਵਾਸ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟੈਲੀਮੈਡੀਸਨ ਨੂੰ ਇਲਾਜ ਵਿੱਚ ਉਤਸ਼ਾਹਿਤ ਕੀਤਾ ਜਾਵੇ।
ਉਨ੍ਹਾਂ ਕੁਪੋਸ਼ਨ ਦੇ ਸ਼ਿਕਾਰ ਬੱਚਿਆਂ ਅਤੇ ਬਾਲਗ ਲੋਕਾਂ ਦੀ ਪਛਾਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕੁਪੋਸ਼ਨ ਦਾ ਵਕਤ ਰਹਿੰਦੇ ਇਲਾਜ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਕੁਪੋਸ਼ਨ ਦਾ ਵਾਧਾ ਜਾਨਲੇਵਾ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੂਹ ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਲੈਬ ਟੈੱਸਟ ਅਤੇ ਦਵਾਈਆਂ ਉਪਲਬਧ ਹਨ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਮਹਾਜਨ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤੇਜਿੰਦਰ ਕੌਰ, ਡਾਕਟਰ ਅੰਕੁਰ ਕੌਸ਼ਲ, ਡਾ. ਗੁਰਪ੍ਰੀਤ ਕੌਰ, ਡਾ. ਸੁਰੇਸ਼ ਕੁਮਾਰ, ਡਾ. ਰਵਿੰਦਰ ਸਿੰਘ, ਡਾ. ਮਨਮੋਹਨਜੀਤ ਸਿੰਘ, ਡਾ. ਲਖਵਿੰਦਰ ਸਿੰਘ, ਡਾ. ਰਮੇਸ਼ ਅਤਰੀ, ਡਾ. ਬ੍ਰਿਜੇਸ਼ ਸਿੰਘ, ਡਾਕਟਰ ਸੁਖਵਿੰਦਰ ਸਿੰਘ, ਡਾ. ਨੀਲਮ, ਡਾ. ਅਨੀਤਾ ਮਹਾਜਨ, ਡਾ. ਗੁਨੀਤ ਕੌਰ, ਮਾਸ ਮੀਡੀਆ ਅਫ਼ਸਰ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।