ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੇ ਪੰਜਾਬ ਉਰਦੂ ਅਕੈਡਮੀ ਨੂੰ ਦਿੱਤਾ ਪੰਜ ਲੱਖ ਰੁਪਏ ਦਾ ਚੈੱਕ
ਅਕੈਡਮੀ ਦੇ ਮੈਂਬਰਾਂ ਅਤੇ ਉਰਦੂ ਪ੍ਰੇਮੀਆਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 9 ਫਰਵਰੀ 2025
ਪੰਜਾਬ ਉਰਦੂ ਅਕੈਡਮੀ ਦੇ ਸਲਾਨਾ ਇਨਾਮ ਵੰਡ ਸਮਾਰੋਹ 2023-24 ਦਾ ਆਯੋਜਨ 24 ਫ਼ਰਵਰੀ 2024 ਨੂੰ ਕੀਤਾ ਗਿਆ ਸੀ। ਇਸ ਸੂਬਾ ਪੱਧਰੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਮਾਨਯੋਗ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ, ਸਪੀਕਰ ਪੰਜਾਬ ਵਿਧਾਨ ਸਭਾ ਅਤੇ ਪ੍ਰਧਾਨਗੀ ਲਈ ਮਾਨਯੋਗ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਐਮ.ਐਲ.ਏ., ਮਾਲੇਰਕੋਟਲਾ ਤੇ ਵਾਈਸ ਚੇਅਰਮੈਨ ਪੰਜਾਬ ਉਰਦੂ ਅਕੈਡਮੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸੀ। ਵਰਣਨਯੋਗ ਹੈ ਕਿ ਇਸ ਸਮਾਗਮ ਵਿੱਚ ਪਹਿਲੀ ਵਾਰ ਅਕੈਡਮੀ ਵੱਲੋਂ ਸੂਬਾ ਪੱਧਰੀ ਪੁਰਸਕਾਰਾਂ ਨਾਲ ਉਰਦੂ ਸਾਹਿਤਕਾਰਾਂ ਤੇ ਵਿਦਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ, ਅਤੇ ਅਕੈਡਮੀ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਘੁੰਡ ਚੁਕਾਈ ਕੀਤੀ ਗਈ ਸੀ। ਇਸ ਤੋਂ ਇਲਾਵਾ ਉਰਦੂ ਵਿਸ਼ਾ ਟੋਪਰ ਵਿਦਿਆਰਥੀਆਂ ਨੂੰ ਇਨਾਮ ਆਦਿ ਦਿੱਤੇ ਗਏ ਸਨ। ਇਸ ਸਮਾਗਮ ਵਿੱਚ ਅਕੈਡਮੀ ਦੀ ਕਾਰਗੁਜ਼ਾਰੀ ਅਤੇ ਕਾਰਸ਼ੀਲਤਾ ਤੋਂ ਪ੍ਰਭਾਵਿਤ ਹੋ ਕੇ ਮਾਨਯੋਗ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੇ ਆਪਣੇ ਰਾਖਵੇਂ ਫੰਡਾਂ ਵਿੱਚੋਂ ਅਕੈਡਮੀ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਪੰਜ ਲੱਖ ਰੁਪਏ ਦਾ ਚੈੱਕ ਮਾਲੇਰਕੋਟਲਾ ਦੇ ਹਰਮਨ ਪਿਆਰੇ ਐਮ.ਐਲ.ਏ. ਡਾ. ਮੁਹੰਮਦ ਜਮੀਲ ਉਰ ਰਹਿਮਾਨ ਜੀ ਵੱਲੋਂ ਅਕੈਡਮੀ ਦੇ ਇੰਚਾਰਜ ਸ਼੍ਰੀ ਮੁਹੰਮਦ ਸਾਦਿਕ ਥਿੰਦ ਨੂੰ ਦਿੱਤਾ ਗਿਆ। ਇਹ ਫੰਡ ਅਕੈਡਮੀ ਦੀਆਂ ਜਰੂਰਤਾਂ ਦੇ ਮੁਤਾਬਿਕ ਖਰਚ ਕੀਤੇ ਜਾਣਗੇ। ਅਕੈਡਮੀ ਦੇ ਮੈਂਬਰਾਂ ਅਤੇ ਉਰਦੂ ਪ੍ਰੇਮੀਆਂ ਨੇ ਇਸ ਕੰਮ ਲਈ ਪੰਜਾਬ ਸਰਕਾਰ ਖਾਸ ਤੌਰ ਤੇ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਅਤੇ ਡਾ. ਮੁਹੰਮਦ ਜਮੀਲ ਉਰ ਰਹਿਮਾਨ ਜੀ ਦਾ ਧੰਨਵਾਦ ਕੀਤਾ।