ਗਾਂਧੀ ਚੌਂਕ ਰੂਪਨਗਰ ਵਿਖੇ ਅੱਜ ਜੀ.ਐੱਸ.ਟੀ. ਸਬੰਧੀ ਜਾਗਰੂਕਤਾ ਕੈਂਪ ਲਗਾਇਆ
ਰੂਪਨਗਰ, 22 ਜਨਵਰੀ 2025: ਗਾਂਧੀ ਚੌਂਕ, ਰੂਪਨਗਰ ਵਿਖੇ ਸ਼੍ਰੀ ਯਾਦਵਿੰਦਰ ਸਿੰਘ, ਸਹਾਇਕ ਰਾਜ ਕਰ ਕਮਿਸ਼ਨਰ, ਰੂਪਨਗਰ ਅਤੇ ਸ਼੍ਰੀ ਪਰਮਿੰਦਰ ਸਿੰਘ, ਰਾਜ ਕਰ ਅਫ਼ਸਰ ਦੀ ਅਗਵਾਈ ਹੇਠ ਜੀ. ਐੱਸ. ਟੀ. ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਕੈਂਪ ਵਿਚ ਰੋਪੜ ਦੇ ਦੁਕਾਨਦਾਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਯਾਦਵਿੰਦਰ ਸਿੰਘ, ਸਹਾਇਕ ਰਾਜ ਕਰ ਕਮਿਸ਼ਨਰ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਇਹ ਹੈ ਕਿ ਜਿਨ੍ਹਾਂ ਵਪਾਰੀਆਂ ਦੀ ਵਿੱਕਰੀ 20 ਲੱਖ ਸਾਲਾਨਾ ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ ਜੀ.ਐੱਸ.ਟੀ. ਨੰਬਰ ਲੈਣਾ ਲਾਜ਼ਮੀ ਹੈ।
ਇਸ ਮੌਕੇ ਬੋਲਦਿਆਂ ਸ਼੍ਰੀ ਪਰਮਿੰਦਰ ਸਿੰਘ, ਰਾਜ ਕਰ ਅਫ਼ਸਰ ਨੇ ਜੀ.ਐੱਸ.ਟੀ. ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਪਾਰੀ ਭਰਾਵਾਂ ਨੂੰ ਜੀ.ਐੱਸ.ਟੀ. ਸਬੰਧੀ ਸਰਵੇ ਕਰਨ ਵਿਚ ਸਹਿਯੋਗ ਦੇਣ ਲਈ ਕਿਹਾ। ਉਹਨਾਂ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਕੋਲ ਜੀ.ਐੱਸ.ਟੀ. ਨੰਬਰ ਹਨ, ਉਨ੍ਹਾਂ ਨੂੰ ਦੁਕਾਨ ਦੇ ਬਾਹਰ ਹੀ ਜੀ.ਐੱਸ.ਟੀ. ਨੰਬਰ ਲਿਖਵਾਉਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਸਾਲਾਨਾ ਆਮਦਨ 3 ਲੱਖ ਤੋਂ ਜ਼ਿਆਦਾ ਹੈ ਉਨ੍ਹਾਂ ਵੱਲੋਂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਅਧੀਨ 200 ਰੁਪਏ ਪ੍ਰਤੀ ਮਹੀਨਾ ਟੈਕਸ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ।
ਇਸ ਤੋਂ ਇਲਾਵਾ ਜੀ.ਐੱਸ.ਟੀ. ਵਿਭਾਗ ਵਲੋਂ ਇਕ ਆਰ.ਸੀ.ਐੱਮ. ਟੈਕਸ ਲਗਾਇਆ ਗਿਆ ਹੈ, ਜਿਸ ਵਿਚ ਜਿਹਨਾਂ ਲੋਕਾਂ ਨੇ ਕਿਰਾਏ ਉਤੇ ਦੁਕਾਨਾਂ ਲਈਆਂ ਹੋਈਆਂ ਹਨ, ਉਹ 18 ਪ੍ਰਤੀਸ਼ਤ ਸਰਕਾਰ ਨੂੰ ਟੈਕਸ ਜਮਾਂ ਕਰਵਾਉਣਗੇ।
ਇਸ ਮੌਕੇ ਕਰ ਨਿਰੀਖਕ ਗੁਰਦੀਪ ਸਿੰਘ, ਕਰ ਸੇਵਾਦਾਰ ਸਤਨਾਮ ਸਿੰਘ, ਜਸਵਿੰਦਰ ਸਿੰਘ ਅਤੇ ਰਮਨਦੀਪ ਸਿੰਘ ਸਿੱਧੂਪੁਰ ਆਦਿ ਮੌਜੂਦ ਸਨ।