ਦਿਨ ਬ ਦਿਨ ਗੰਭੀਰ ਹੁੰਦੀ ਜਾ ਰਹੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਉਤਰੇ ਸੜਕਾਂ 'ਤੇ ਲੋਕ
ਹੱਲ ਨਾ ਹੋਇਆ ਤਾਂ ਵੱਡਾ ਸੰਘਰਸ਼ ਕਰਾਂਗੇ ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ
ਰੋਹਿਤ ਗੁਪਤਾ
ਗੁਰਦਾਸਪੁਰ 21 ਜਨਵਰੀ 2025- ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਕ੍ਰਿਸਚਨ ਯੁਵਾ ਮੋਰਚਾ ਪੰਜਾਬ ਵੱਲੋਂ ਪ੍ਰਧਾਨ ਲਾਭਾ ਮਸੀਹ ਆਲੋਵਾਲ ਦੀ ਅਗਵਾਈ ਹੇਠ ਸ਼ਹਿਰ ਦੀਆਂ ਲੋਕ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਗੱਲਬਾਤ ਦੌਰਾਨ ਪ੍ਰਧਾਨ ਲਾਭਾ ਮਸੀਹ ਆਲੋਵਾਲ ਤੇ ਵਾਰਡ ਨੰਬਰ 12 ਦੇ ਕੌਂਸਲਰ ਇੰਦੇਰਯਾਸ ਹੰਸ ਨੇ ਕਿਹਾ ਕਿ ਸ਼ਹਿਰ ਧਾਰੀਵਾਲ ਦਾ ਟਰੈਫਿਕ ਦਾ ਦਿਨ ਬ ਦਿਨ ਬੁਰਾ ਹਾਲ ਹੁੰਦਾ ਜਾ ਰਿਹਾ ਹੈ। ਘੰਟਿਆਂ ਬੱਧੀ ਜਾਮ ਲੱਗਦੇ ਹਨ ਤੇ ਲੋਕਾਂ ਨੂੰ ਆਣ ਜਾਣ ਵੇਲੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਆਗੂਆਂ ਨੇ ਕਿਹਾ ਕਿ ਜੇਕਰ ਡੜਵਾਂ ਰੋਡ ਧਾਰੀਵਾਲ ਦੀ ਗੱਲ ਕਰੀਏ ਜਿਸ ਨੂੰ 50 ਦੇ ਕਰੀਬ ਪਿੰਡਾਂ ਨੂੰ ਜਾਂਦਾ ਇਕਲੋਤਾ ਰਾਹ ਹੈ ਉਹ ਵੀ ਸੜਕ ਪਿਛਲੇ ਇੱਕ ਸਾਲ ਤੋਂ ਵੀ ਜਿਆਦਾ ਸਮੇਂ ਤੋਂ ਟੁੱਟੀ ਪਈ ਹੈ। ਆਏ ਦਿਨ ਡਡਵਾਂ ਰੋਡ ਤੇ ਹਾਦਸੇ ਹੁੰਦੇ ਹਨ। ਬਰਸਾਤ ਵੇਲੇ ਤਾਂ ਲੋਕਾਂ ਦਾ ਨਿਕਲਣਾ ਵੀ ਬੜਾ ਮੁਸ਼ਕਿਲ ਹੋ ਜਾਂਦਾ ਹੈ ਕਈ ਵਾਰ ਸ਼ਹਿਰ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਧਿਆਨ ਵਿੱਚ ਇਹ ਸਮੱਸਿਆਵਾਂ ਲਿਆਂਦੀਆਂ ਹਨ ਪਰ ਨਗਰ ਕੌਂਸਲ ਧਾਰੀਵਾਲ ਤਾਂ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਅੱਜ ਦੇ ਰੋਸ਼ ਪ੍ਰਦਰਸ਼ਨ ਦੇ ਬਾਅਦ ਵੀ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਾ ਹੋਇਆ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਕਰਨਗੇ ।