ਤਸਿੰਬਲੀ 'ਚ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਨ ਲਈ ਬਲਾਕ ਪੱਧਰੀ ਕੈਂਪ ਲਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 21 ਦਸੰਬਰ 2024: ਨੇੜਲੇ ਪਿੰਡ ਤਸਿੰਬਲੀ ਵਿਖੇ ਐਸਕਾਰਡ ਸਕੀਮ ਤਹਿਤ ਪਸ਼ੂਆਂ ਦੀ ਸੰਭਾਲ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਬਲਾਕ ਪੱਧਰੀ ਕੈਂਪ ਲਗਾਇਆ ਗਿਆ ।ਕੈਂਪ ਦਾ ਉਦਘਾਟਨ ਡਾ. ਭੁਪਿੰਦਰ ਪਾਲ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ ਡੇਰਾਬੱਸੀ ਵੱਲੋਂ ਕੀਤਾ ਗਿਆ। ਡਾ. ਭੁਪਿੰਦਰ ਪਾਲ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਪਾਲਣ ਸਬੰਧੀ ਵਿਸਥਾਰਪੂਵਕ ਜਾਣੂ ਕਰਵਾਊਂਦਿਆਂ ਪਸ਼ੂਆਂ ਨੂੰ ਠੰਡ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਇਸ ਸਬੰਧੀ ਵੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਦੀ ਦੇਖਭਾਲ ਵਿੱਚ ਸੁਧਾਰ ਕਰਨ ਤੋਂ ਇਲਾਵਾ ਉਨ੍ਹਾਂ ਦੇ ਪਸ਼ੂਆਂ ਲਈ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸੇ ਦੌਰਾਨ ਬਨੂੰੜ ਤੋਂ ਆਏ ਵੈਟਰਨਰੀ ਅਫ਼ਸਰ ਡਾ.ਮੁਨੀਸ਼ ਕੁਮਾਰ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਡਾ. ਨਵਦੀਪ ਸਿੰਘ ਅਤੇ ਡਾ. ਬਲਜੀਤ ਸਿੰਘ ਵੱਲੋਂ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਇਸ ਮੌਕੇ ਵੱਡੀ ਗਿਣਤੀ ਪਸ਼ੂ ਪਾਲਕ ਮੌਜੂਦ ਸਨ।