ਚਾਰ ਰੋਜ਼ਾ ਗੁਰਮਤਿ ਸਮਾਗਮ ਅਤੇ 251 ਸਮੂਹਿਕ ਸ਼ਾਦੀਆਂ ਸਬੰਧੀ ਹੋਈ ਮੀਟਿੰਗ : ਸੱਗੂ
ਦੀਪਕ ਗਰਗ
ਕੋਟਕਪੂਰਾ, 2 ਦਸੰਬਰ 2022 :- ਹਿਊਮਨ ਰਾਈਟਸ ਅਵੇਅਰਨੈੱਸ ਐਸੋਸੀਏਸ਼ਨ ਵਲੋਂ ਗੁਰੂ ਨਾਨਕ ਇੰਟਰਨੈਸ਼ਨਲ ਮਿਸ਼ਨ ਸੁਸਾਇਟੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ 251 ਸਮੂਹਿਕ ਸ਼ਾਦੀਆਂ ਦੇ ਸਬੰਧ ਵਿੱਚ ਵਿਉਂਤਬੰਦੀ ਤੇ ਰਣਨੀਤੀ ਤਿਆਰ ਕਰਨ ਲਈ ਵੱਖ ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦੀ ਬੁਲਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਸੱਗੂ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ ਨੇ ਦੱਸਿਆ ਕਿ 9, 10, 11, 12 ਦਸੰਬਰ ਸ਼ਾਮ 5:00 ਤੋਂ ਰਾਤ 9:00 ਵਜੇ ਤੱਕ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਜੈਤੋ ਰੋਡ ਕੋਟਕਪੂਰਾ ਵਿਖੇ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਲਈ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਗੁਰਲਾਲ ਸਿੰਘ ਲਾਲੀ ਨੇ ਦੱਸਿਆ ਕਿ ਚਾਰ ਰੋਜਾ ਗੁਰਮਤਿ ਸਮਾਗਮਾ ਤੋਂ ਬਾਅਦ 13 ਦਸੰਬਰ ਨੂੰ ਨਵੀਂ ਦਾਣਾ ਮੰਡੀ ਕੋਟਕਪੂਰਾ ਵਿਖੇ 251 ਸਮੂਹਿਕ ਸ਼ਾਦੀਆਂ ਦਾ ਵਿਸ਼ੇਸ਼ ਸਮਾਗਮ ਹੋਵੇਗਾ। ਉਹਨਾਂ ਦੱਸਿਆ ਕਿ ਲੋੜਵੰਦ ਪਰਿਵਾਰ ਐਡਵੋਕੇਟ ਸੀਮਾ ਰਾਣੀ ਕੋਲ ਫਾਰਮ ਭਰ ਸਕਦੇ ਹਨ। ਉਹਨਾ ਦੱਸਿਆ ਕਿ ਧਾਰਮਿਕ ਸਮਾਗਮਾ ਦੌਰਾਨ ਗਿਆਨੀ ਕਰਨੈਲ ਸਿੰਘ ਗਰੀਬ, ਗੁਰਵਿੰਦਰ ਸਿੰਘ ਔਲਖ, ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ, ਸਰਪੰਚ ਇੰਦਰ ਸਿੰਘ ਨਿਆਮੀਵਾਲਾ ਸਮੇਤ ਹੋਰ ਅਨੇਕਾਂ ਸ਼ਖਸ਼ੀਅਤਾਂ ਸੰਗਤਾਂ ਦੇ ਦਰਸ਼ਨ ਕਰਨਗੀਆਂ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਜੈਮਲ ਸਿੰਘ ਮੱਕੜ, ਮਨਤਾਰ ਸਿੰਘ ਮੱਕੜ, ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਅਤੇ ਹੋਰ ਵੀ ਅਨੇਕਾਂ ਸਮਾਜਸੇਵੀਆਂ ਨੇ ਸ਼ਮੂਲੀਅਤ ਕੀਤੀ।