ਵਿਦੇਸ਼ 'ਚ ਬੈਠੇ ਐਨਆਰਆਈ ਨੌਜਵਾਨ ਨੂੰ ਫੋਨ 'ਤੇ ਮਿਲੀਆਂ ਧਮਕੀਆਂ ਤੇ ਪੰਜਾਬ 'ਚ ਉਸ ਦੇ ਘਰ ਹੋਈ ਫਾਇਰਿੰਗ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 29 ਨਵੰਬਰ 2022
ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਅਪਰਾਧ ਦਾ ਗ੍ਰਾਫ ਦਿਨੋਂ ਦਿਨ ਵੱਧ ਰਿਹਾ ਹੈ। ਤਾਜ਼ਾ ਘਟਨਾ ਬਟਾਲਾ ਦੇ ਪਿੰਡ ਘਣੀਆਂ ਕੇ ਬਾਂਗਰ ਵਿੱਚ ਵਾਪਰੀ ਹੈ ਜਿਥੇ ਪਿੰਡ ਦੇ ਬਾਹਰਵਾਰ ਖੇਤਾਂ ਵਿਚ ਬਣੀ ਇਕ ਐਨਅਰਆਈ ਪਰਿਵਾਰ ਦੀ ਕੋਠੀ ਤੇ ਬੀਤੀ ਦਰਮਿਆਨੀ ਰਾਤ ਨੂੰ ਅਣਪਛਾਤਿਆਂ ਵੱਲੋਂ ਤਾਬੜਤੋੜ ਫਾਇਰ ਕੀਤੇ ਗਏ।ਉਥੇ ਹੀ ਘਰ ਚ ਮੌਜੂਦ ਬਜ਼ੁਰਗ ਮਾਂ ਬਾਪ ਅਤੇ ਪਰਿਵਾਰ ਦੀਆ ਨੂੰਹਾਂ ਸਹਿਮ ਚ ਹਨ। ਵਿਦੇਸ਼ ਬੈਠੇ ਇਸ ਪਰਿਵਾਰ ਦੇ ਨੌਜਵਾਨ ਬੇਟੇ ਨੂੰ ਪਹਿਲਾਂ ਬੀਤੀ ਰਾਤ ਫੋਨ ਤੇ ਧਮਕੀ ਦਿਤੀ ਗਈ ਅਤੇ ਮੁੜ ਦੇਰ ਰਾਤ ਪੰਜਾਬ ਚ ਉਸ ਦੇ ਘਰ ਫਾਇਰਿੰਗ ਕੀਤੀ ਗਈ । ਪੁਲਿਸ ਵਲੋਂ ਮੌਕੇ ਤੇ ਪਹੁਚ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਢਲੀ ਜਾਂਚ ਸਾਮਣੇ ਆਇਆ ਹੈ ਕਿ ਕਰੀਬ 16 ਰਾਉਂਡ ਫਾਇਰ ਕੀਤੇ ਗਏ ਹਨ |
ਪੁਲਿਸ ਜ਼ਿਲ੍ਵਾ ਬਟਾਲਾ ਦੇ ਅਧੀਨ ਪੈਂਦੇ ਪਿੰਡ ਘਣੀਆ ਕੇ ਬਾਂਗਰ ਚ ਐਨਆਰਆਈ ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੀਤੀ ਦੇਰ ਰਾਤ ਅੰਨ੍ਹੇਵਾਹ ਫਾਇਰਿੰਗ ਕਰਨ ਦੀ ਵਾਰਦਾਤ ਨਾਲ ਪਰਿਵਾਰ ਅਤੇ ਇਲਾਕੇ ਭਰ ਚ ਡਰ ਦਾ ਮਾਹੌਲ ਹੈ। ਉਥੇ ਹੀ ਉਕਤ ਪਰਿਵਾਰ ਦੇ ਮੈਂਬਰਾਂ ਹਰਪ੍ਰੀਤ ਕੌਰ ਅਤੇ ਹਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਦੋ ਬੇਟੇ ਹਨ ਜੋ ਇਟਲੀ ਚ ਰਹਿੰਦੇ ਹਨ ਅਤੇ ਦੋਵੇਂ ਉਥੇ ਹੀ ਸਨ। ਜਦਕਿ ਘਰ ਉਹ ਦੋਵੇਂ ਬਜ਼ੁਰਗ ਅਤੇ ਉਹਨਾਂ ਦੀਆ ਨੂੰਹਾਂ ਸਨ ।ਬੀਤੀ ਰਾਤ ਨੂੰ ਉਹਨਾਂ ਦੇ ਇਕ ਬੇਟੇ ਅਮਰਜੋਤ ਨੂੰ ਵਿਦੇਸ਼ ਚ ਕਰੀਬ ਰਾਤ 11 ਵਜੇ ਪੰਜਾਬ ਤੋਂ ਫੋਨ ਤੇ ਧਮਕੀ ਦਿਤੀ ਗਈ ਸੀ। ਇਸ ਤੋਂ ਬਾਅਦ ਬੀਤੀ ਰਾਤ ਉਨ੍ਹਾਂ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ ਹੈ। ਜਦ ਉਹ ਪਿੰਡ ਚ ਆਪਣੀ ਕੋਠੀ ਵਿਚ ਸੋ ਰਹੇ ਸਨ ਤਾਂ ਉਹਨਾਂ ਦੇ ਘਰ ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਅਤੇ ਆਵਾਜ਼ ਨਾਲ ਉਹਨਾਂ ਦਾ ਪਰਿਵਾਰ ਡਰ ਗਿਆ ਅਤੇ ਬਾਹਰ ਨਹੀਂ ਨਿਕਲਿਆ।
ਜਦ ਸਵੇਰੇ ਪਿੰਡ ਵਸਿਆ ਅਤੇ ਰਿਸ਼ਤੇਦਾਰਾਂ ਨੂੰ ਸੂਚਨਾ ਦਿਤੀ ਅਤੇ ਦੇਖਿਆ ਕਿ ਘਰ ਤੇ ਕਾਫੀ ਫਾਇਰ ਹੋਏ ਸਨ। ਉਥੇ ਹੀ ਮੌਕੇ ਤੇ ਪਹੁਚੇ ਪੁਲਿਸ ਥਾਣਾ ਘਣੀਏ ਕੇ ਬਾਂਗਰ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪਿੰਡ ਚ ਲਗੇ ਸੀਸੀਟੀਵੀ ਕੈਮਰੇ ਦੀ ਵੀਡੀਓ ਖੰਗਲੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਢਲੀ ਜਾਂਚ ਚ ਸਾਮਣੇ ਆਇਆ ਹੈ ਕਿ ਅਣਪਛਾਤੀਆਂ ਵਲੋਂ ਕਰੀਬ 16 ਰਾਉਂਡ ਫਾਇਰ ਕੀਤੇ ਗਏ ਹਨ |