ਰੇਲ ਹਾਦਸੇ 'ਚ 3 ਬੱਚਿਆਂ ਦੀ ਮੌਤ ਲਈ ਟਰੇਨ ਦਾ ਡਰਾਈਵਰ ਜ਼ਿੰਮੇਵਾਰ, ਰੇਲ ਮੰਤਰੀ ਕੋਲ ਮਾਮਲਾ ਉਠਾਉਣਗੇ: ਮਨੀਸ਼ ਤਿਵਾੜੀ
ਤਿਵਾੜੀ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ
ਬਾਬੂਸ਼ਾਹੀ ਨੈਟਵਰਕ
ਸ੍ਰੀ ਕੀਰਤਪੁਰ ਸਾਹਿਬ, 29 ਨਵੰਬਰ 2022 : ਸ੍ਰੀ ਆਨੰਦਪੁਰ ਸ਼ਹਿਰ ਤੋਂ ਲੋਕਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਐਤਵਾਰ ਨੂੰ ਸ੍ਰੀ ਕੀਰਤਪੁਰ ਸਾਹਿਬ ਨੇੜੇ ਲੋਹੰਡ ਪੁਲ ’ਤੇ ਵਾਪਰੇ ਦਰਦਨਾਕ ਰੇਲ ਹਾਦਸੇ ਵਿੱਚ 3 ਬੱਚਿਆਂ ਦੀ ਦੁਖਦ ਮੌਤ ਲਈ ਰੇਲ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੰਸਦ ਮੈਂਬਰ ਨੇ ਕਿਹਾ ਕਿ ਉਹ ਇਸ ਸਬੰਧੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਵੀ ਗੱਲ ਕਰਨਗੇ।
ਸੰਸਦ ਮੈਂਬਰ ਤਿਵਾੜੀ ਨੇ ਦਰਦਨਾਕ ਹਾਦਸੇ ਤੋਂ ਬਾਅਦ ਅੱਜ ਵਾਰਡ ਨੰਬਰ 6, ਸ੍ਰੀ ਕੀਰਤਪੁਰ ਸਾਹਿਬ ਵਿਖੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਸ ਨੁਕਸਾਨ ਦੀ ਭਰਪਾਈ ਕੋਈ ਵੀ ਨਹੀਂ ਕਰ ਸਕਦਾ, ਪਰ ਉਹ ਇਸ ਦਰਦਨਾਕ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਯਕੀਨੀ ਬਣਾਉਣਗੇ। ਇਸ ਦੌਰਾਨ ਸੰਸਦ ਮੈਂਬਰ ਤਿਵਾੜੀ ਨੇ ਰੇਲਵੇ ਅਧਿਕਾਰੀਆਂ ਨੂੰ ਹਾਦਸੇ ਲਈ ਟਰੇਨ ਦੇ ਡਰਾਈਵਰ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਕਿਹਾ। ਉਨ੍ਹਾਂ ਮੌਕੇ 'ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮਾਮਲੇ ਦੀ ਗਹਿਰਾਈ 'ਚ ਜਾ ਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਕਿਹਾ |
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਹਾਦਸੇ ਸਮੇਂ ਕੋਈ ਧੁੰਦ ਨਹੀਂ ਸੀ, ਜਿਸ ਕਾਰਨ ਟਰੇਨ ਚਾਲਕ ਬੱਚਿਆਂ ਨੂੰ ਟਰੈਕ 'ਤੇ ਨਹੀਂ ਦੇਖ ਸਕਿਆ ਹੋਵੇ। ਹਾਦਸੇ ਲਈ ਟਰੇਨ ਦਾ ਡਰਾਈਵਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ ਅਤੇ ਉਹ ਇਹ ਮਾਮਲਾ ਰੇਲ ਮੰਤਰੀ ਅਸਲੀ ਵੈਸ਼ਨਵ ਕੋਲ ਵੀ ਉਠਾਉਣਗੇ। ਉਨ੍ਹਾਂ ਬੀਤੇ ਦਿਨ ਵੀ ਰੇਲ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਉਹ ਇਹ ਮਾਮਲਾ ਆਉਣ ਵਾਲੇ ਸੰਸਦੀ ਸੈਸ਼ਨ ਵਿੱਚ ਵੀ ਉਠਾਉਣਗੇ।
ਇਸ ਮੌਕੇ ਏ.ਡੀ.ਸੀ ਜਨਰਲ ਹਰਜੋਤ ਕੌਰ ਸਣੇ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਤੇ ਰੇਲਵੇ ਅਧਿਕਾਰੀਆਂ ਤੋਂ ਇਲਾਵਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅੱਛਰ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਗੁਰਬੀਰ ਸਿੰਘ ਗੱਜਪੁਰ, ਜੁਗਰਾਜ ਸਿੰਘ ਬਿੱਲੂ, ਤੇਜਵੀਰ ਸਿੰਘ, ਐਮ.ਸੀ ਮਾੜੂ, ਪੁਨੀਤ ਸ਼ਰਮਾ, ਇਕਬਾਲ ਸਿੰਘ ਬੰਟੀ, ਨਰੇਸ਼ ਕੁਮਾਰ ਵੀ ਹਾਜ਼ਰ ਸਨ।