ਕੇਂਦਰ ਸਰਕਾਰ ਦੇ ਇੱਕ ਖਿਲਾਫ਼ ਕਿਸਾਨਾਂ ਦਾ ਪੱਕਾ ਮੋਰਚਾ ਚੌਥੇ ਦਿਨ ਵੀ ਜਾਰੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 29 ਨਵੰਬਰ 2022
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਐਲਾਨ ਤੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈਕੇ ਕਿਸਾਨ ਪੂਰੇ ਪੰਜਾਬ ਵਿਚ 18 ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਸਾਹਮਣੇ ਦਿਨ ਰਾਤ ਦੇ ਧਰਨਿਆਂ ਉੱਤੇ ਬੈਠੇ ਹੋਏ ਹਨ।ਇਸਦੇ ਚਲਦੇ ਹੀ ਗੁਰਦਾਸਪੁਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਲਗਾ ਧਰਨਾ ਵੀ ਚੋਥੇ ਦਿਨ ਵਿੱਚ ਪਹੁੰਚ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਇਸ ਧਰਨੇ ਨੂੰ ਜਿਨ੍ਹਾਂ ਲੰਬਾ ਵੀ ਚਲਾਉਣਾ ਪਿਆ ਚਲਾਇਆ ਜਾਵੇਗਾ।ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਜਥੇਬੰਦੀਆਂ ਦੇ ਉੱਚ ਆਗੂਆਂ ਵਲੋਂ ਰੋਜਾਨਾ ਹੀ ਮੀਟਿੰਗ ਕੀਤੀ ਜਾਂਦੀ ਹੈ ਅਤੇ ਉਸ ਮੀਟਿੰਗ ਵਿੱਚ ਜੋ ਵੀ ਫੈਂਸਲਾ ਲਿਆ ਜਾਂਦਾ ਹੈ ਉਸ ਫੈਂਸਲੇ ਨੂੰ ਇਨ ਬਿਨ ਲਾਗੂ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮਦਦ ਨਹੀਂ ਦਿਤੀ ਜਾ ਰਹੀ। ਦੂਜੇ ਪਾਸੇ ਕਿਸਾਨਾਂ ਦੇ ਹੱਕ ਵਿਚ ਨਾ ਤਾਂ ਬਾਦਲ ਸਰਕਾਰ ਨੇ ਕੁਝ ਕੀਤਾ ਅਤੇ ਨਾ ਹੀ ਕੈਪਟਨ ਅਤੇ ਚੰਨੀ ਸਰਕਾਰ ਨੇ ਕੁਝ ਕੀਤਾ ਅਤੇ ਨਾ ਹੀ ਹੁਣ ਇਹ ਸਰਕਾਰ ਕੁਝ ਕਰ ਰਹੀ ਹੈ।ਸਰਕਾਰਾਂ ਜਨਤਾ ਨੂੰ ਸਿਰਫ ਵੋਟਾਂ ਸਮੇਂ ਹੀ ਕੁਝ ਦਿੰਦਿਆ ਹਨ ਜਾਂ ਫਿਰ ਸਰਕਾਰਾਂ ਕੋਲੋ ਸੰਘਰਸ਼ ਦੇ ਜਰੀਏ ਆਪਣੇ ਹੱਕ ਲਏ ਜਾ ਸਕਦੇ ਹਨ ਅਤੇ ਇਸ ਸੰਘਰਸ਼ ਦੇ ਜਰੀਏ ਵੀ ਅਸੀਂ ਆਪਣੀਆਂ ਮੰਗਾਂ ਸਰਕਾਰਾਂ ਕੋਲੋ ਮੰਨਵਾ ਕੇ ਹੀ ਪਿੱਛੇ ਹਟਾਂਗੇ।