ਕੈਨੇਡਾ: ਸਰੀ ਵਿਖੇ ਭਾਰਤੀ ਕੁਸ਼ਤੀ ਦੇ ਚੀਫ ਕੋਚ ਹਰਿਗੋਬਿੰਦ ਸਿੰਘ ਸੰਧੂ ਦਾ ਸਨਮਾਨ
ਹਰਦਮ ਮਾਨ
ਸਰੀ, 29 ਨਵੰਬਰ 2022- ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੀ ਵਿਦਿਆਰਥੀ ਸੰਸਥਾ ‘ਸਰਕਾਰੀ ਬਰਜਿੰਦਰਾ ਕਾਲਜ ਕਮੇਟੀ ਸਰੀ ਬੀ.ਸੀ’ ਵੱਲੋਂ ਭਾਰਤ ਤੋਂ ਆਏ ਭਾਰਤੀ ਕੁਸ਼ਤੀ ਦੇ ਚੀਫ ਕੋਚ ਹਰਿਗੋਬਿੰਦ ਸਿੰਘ ਸੰਧੂ ਦੇ ਮਾਣ ਵਿਚ ਇਕ ਖ਼ੂਬਸੂਰਤ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਅੰਗਰੇਜ਼ ਸਿੰਘ ਬਰਾੜ ਲੰਗੇਆਣਾ ਦੇ ਨਿਵਾਸ ਸਥਾਨ ‘ਤੇ ਕਰਵਾਏ ਇਸ ਪ੍ਰੋਗਰਾਮ ਵਿਚ ਬਹੁਤ ਸਾਰੇ ਦੋਸਤਾਂ ਨੇ ਪਹੁੰਚ ਕੇ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ।
ਹਰਗੋਬਿੰਦ ਸਿੰਘ ਸੰਧੂ (ਹੈੱਡ ਕੋਚ ਭਾਰਤੀ ਕੁਸ਼ਤੀ) ਅਤੇ ਸਾਰੇ ਹੀ ਆਏ ਦੋਸਤਾਂ ਦਾ ਸਵਾਗਤ ਕਰਦਿਆਂ ਅੰਗਰੇਜ਼ ਸਿੰਘ ਬਰਾੜ (ਦਾਰਾਪੁਰ) ਨੇ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਦੋਸਤ ਹਰਗੋਬਿੰਦ ਸਿੰਘ ਸਾਡੇ ਨਾਲ ਕਾਲਜ ਵਿਚ ਪੜ੍ਹ ਕੇ ਅੱਜ ਭਾਰਤੀ ਕੁਸ਼ਤੀ ਦੇ ਚੀਫ ਕੋਚ ਦੇ ਅਹੁਦੇ ’ਤੇ ਬਿਰਾਜਮਾਨ ਹਨ। ਅੱਜ ਸਰੀ ਵਿਖੇ ਉਨ੍ਹਾਂ ਦਾ ਸਾਥ ਮਾਣਨ ਦਾ ਸਬੱਬ ਹਾਸਲ ਹੋਇਆ ਹੈ ਅਤੇ ਇਹ ਪਲ ਸਾਡੇ ਸਭਨਾਂ ਲਈ ਅਮੁੱਲ ਸਰਮਾਇਆ ਹਨ। ਇਸ ਮੌਕੇ ਸਭਨਾਂ ਦੋਸਤਾਂ ਨੇ ‘ਸਰਕਾਰੀ ਬਰਜਿੰਦਰਾ ਕਾਲਜ ਕਮੇਟੀ ਸਰੀ ਬੀ.ਸੀ’ ਵੱਲੋਂ ਹਰਿਗੋਬਿੰਦ ਸਿੰਘ ਸੰਧੂ ਦਾ ਸਨਮਾਨ ਕੀਤਾ।
ਇਸ ਮੌਕੇ ਬੋਲਦਿਆਂ ਹਰਗੋਬਿੰਦ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲੇ ਹਨ ਪਰ ਅੱਜ ਜੋ ਸਨਮਾਨ ਯਾਰਾਂ-ਦੋਸਤਾਂ ਨੇ ਦਿੱਤਾ ਹੈ, ਇਹ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਕਾਲਜ ਵੇਲੇ ਦੇ ਪੁਰਾਣੇ ਦੋਸਤਾਂ ਦਾ ਇੱਕੋ ਥਾਂ ‘ਤੇ ਵੱਡੀ ਗਿਣਤੀ ਵਿਚ ਮਿਲ ਜਾਣਾ ਮੇਰੇ ਲਈ ਅਚੰਭਾ ਵੀ ਹੈ ਅਤੇ ਬੇਹੱਦ ਖੁਸ਼ੀ ਦਾ ਸਬੱਬ ਵੀ ਹੈ। ਉਨ੍ਹਾਂ ਏਨਾ ਮਾਣ ਸਨਮਾਨ ਦੇਣ ਲਈ ਸਾਰੇ ਮਿੱਤਰਾਂ ਦਾ ਦਿਲੀ ਧੰਨਵਾਦ ਕੀਤਾ।
ਪ੍ਰੋਗਰਾਮ ਦੌਰਾਨ ਸਾਰੇ ਬੇਲੀਆਂ ਨੇ ਆਪਣੇ ਪਿਆਰੇ ਕਾਲਜ (ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ) ਦੀ ਹਮੇਸ਼ਾ ਚੜ੍ਹਦੀ ਕਲਾ ਲਈ ਦੁਆਵਾਂ ਕੀਤੀਆਂ। ਆਪਸ ਵਿਚ ਖੁੱਲ੍ਹੀਆਂ ਗੱਲਾਂ-ਬਾਤਾਂ ਕੀਤੀਆਂ ਅਤੇ ਰਾਤ ਦੇ ਖਾਣੇ ਦਾ ਭਰਪੂਰ ਆਨੰਦ ਮਾਣਿਆ। ਇਸ ਪ੍ਰੋਗਰਾਮ ਵਿਚ ਐਮ.ਐਲ.ਏ. ਜਗਰੂਪ ਬਰਾੜ, ਹਰਮੀਤ ਸਿੰਘ ਖੁੱਡੀਆਂ, ਸਵਰਨ ਸਿੰਘ ਬਰਾੜ ਲੰਗੇਆਣਾ, ਪਰਦੀਪ ਧਾਲੀਵਾਲ, ਬਲਬੀਰ ਬਰਾੜ, ਜਗਦੇਵ ਸਿੰਘ ਭਲਵਾਨ, ਮਨਦੀਪ ਧਾਲੀਵਾਲ, ਸਤਿੰਦਰ ਸਰਾਂ, ਸ਼ਵਿੰਦਰ ਸਰਾਂ, ਕੁਲਬੀਰ ਸਿੰਘ ਬਰਾੜ, ਬਲਜਿੰਦਰ ਸਿੰਘ ਸੰਘਾ, ਦਰਸ਼ਨ ਸੰਘਾ, ਕਰਮਜੀਤ ਸਿੰਘ ਬਰਾੜ, ਕੁਲਵੰਤ ਸਿੰਘ ਚਮੇਲੀ, ਪਿੰਦਰ ਧਾਲੀਵਾਲ ਅਤੇ ਅੰਗਰੇਜ਼ ਭਲਵਾਨ ਹਾਜ਼ਰ ਸਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com