ਮਨੋਹਰ ਲਾਲ ਖੱਟਰ ਆਪਣੀ ਰਾਜਧਾਨੀ ਹਰਿਆਣਾ ਹੀ ਬਣਾਉਣ - ਰਵੀਇੰਦਰ ਸਿੰਘ
ਕੇਂਦਰ ਸਰਕਾਰ ਚੰਡੀਗੜ੍ਹ ਦੇ ਮਸਲੇ ਚ ਨਿਰਪੱਖ ਰੋਲ ਨਿਭਾਵੇ- ਰਵੀਇੰਦਰ ਸਿੰਘ
ਚੰਡੀਗੜ੍ਹ, 29 ਨਵੰਬਰ, 2022: ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਸੂਬੇ ਦੀ ਰਾਜਧਾਨੀ ਹਰਿਆਣਾ ਵਿਚ ਹੀ ਬਣਾਉਣ ਤਾਂ ਜੋ ਦੋਹਾਂ ਸੂਬਿਆਂ ਚ ਹਾਲਾਤ ਆਮ ਵਰਗੇ ਬਣੇ ਰਹਿਣ ।ਉਨ੍ਹਾਂ ਕੇਂਦਰ ਸਰਕਾਰ ਨੂੰ ਜ਼ੋਰ ਦਿੱਤਾ ਕਿ ਉਸਾਰੂ ਰੋਲ ਨਿਭਾਂਉਦਿਆਂ ਪੰਜਾਬ ਨਾਲ ਧੱਕਾ ਨਾ ਹੋਣ ਦੇਣ ।
ਸਾਬਕਾ ਸਪੀਕਰ ਨੇ ਅਤੀਤ ਦੇ ਹਵਾਲੇ ਨਾਲ ਦੱਸਿਆ ਕਿ ਪੁਆਧ ਦੇ 28 ਪਿੰਡ ਉਜਾੜ ਕੇ ਚੰਡੀਗੜ੍ਹ ਰਾਜਧਾਨੀ ਬਣਾਈ ਗਈ ਸੀ ਤੇ ਉਸ ਵੇਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਸਨ। ਰਵੀਇੰਦਰ ਸਿੰਘ ਮੁਤਾਬਕ ਸਾਂਝੇ ਪੰਜਾਬ ਦੀ ਵੰਡ ਸਮੇਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਸੀ ਕਿਉਕਿ ਹਿੰਦ-ਪਾਕਿ ਵੰਡ ਸਮੇਂ ਪੰਜਾਬ ਆਪਣੀ ਰਾਜਧਾਨੀ ਲਾਹੌਰ ਛੱਡ ਆਇਆ ਸੀ।
ਰਵੀਇੰਦਰ ਸਿੰਘ ਕੇਂਦਰ ਸਰਕਾਰ ਨੂੰ ਚੇਤੇ ਕਰਵਾਇਆ ਕਿ ਰਾਜੀਵ-ਲੌਗੋਵਾਲ ਸਮਝੌਤੇ ’ਚ ਵੀ ਪੰਜਾਬ ਨੂੰ ਚੰਡੀਗੜ੍ਹ ਰਾਜਧਾਨੀ ਐਲਾਨੀ ਗਈ ਸੀ,ਕੁਝ ਸਿਆਸਤਦਾਨਾਂ ਨੇ ਸਿਆਸੀ ਰੋਟੀਆਂ ਸੇਕੀਆਂ ,ਜਿਸ ਕਾਰਨ ਉਕਤ ਸਮਝੌਤੇ ’ਤੇ ਅਮਲ ਨਾ ਹੋ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ 1.11.1966 ਨੂੰ ਪੰਜਾਬ ਦੀ ਵੰਡ ਹੋਈ ਪਰ ਉਸ ਵੇਲੇ ਦੀ ਸਰਕਾਰ ਨੇ ਪੰਜਾਬ ਨਾਲ ਧੱਕਾ ਕਰਦਿਆਂ ਚੰਡੀਗੜ੍ਹ ਨੂੰ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ ਅਤੇ ਉਸ ਵੇਲੇ ਇਹ ਕਿਹਾ ਗਿਆ ਕਿ ਕੁਝ ਸਮੇਂ ਬਾਅਦ ਹਰਿਆਣਾ ਆਪਣੀ ਵੱਖਰੀ ਰਾਜਧਾਨੀ ਬਣਾ ਲਵੇਗਾ ਪਰ ਹੁਕਮਰਾਨਾਂ ਦੀਆਂ ਗਲਤੀਆਂ ਦਾ ਸਿੱਟਾ ਹੈ ਕਿ ਇਹ ਵਿਵਾਦ ਖਤਮ ਕਰਨ ਦੀ ਥਾਂ ਡੂੰਘਾ ਕਰ ਦਿੱਤਾ ਗਿਆ ,ਜਿਸ ਦਾ ਖਮਿਆਜਾ ਪੰਜਾਬ ,ਹਰਿਆਣਾ ਦੇ ਲੋਕ ਭੁਗਤ ਰਹੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੀ ਵੰਡ ਸਮੇਂ ਭਾਖੜਾ-ਬਿਆਸ ਡੈਮ ਦਾ ਕੰਟਰੋਲ ਕੇਂਦਰ ਨੇ ਆਪਣੇ ਕੋਲ ਰੱਖ ਲਿਆ।ਦਰਿਆਈ ਪਾਣੀਆਂ ਦੀ ਕਾਣੀ ਵੰਡ ਕੀਤੀ ਗਈ। ਪੰਜਾਬੀ ਬੋਲਦੇ ਇਲਾਕੇ ਹਰਿਆਣਾ ਨੂੰ ਦੇ ਦਿੱਤੇ ਗਏ।ਰਵੀਇੰਦਰ ਸਿੰਘ ਨੇ ਕੇਂਦਰ ਨੂੰ ਜ਼ੋਰ ਦਿੱਤਾ ਹੈ ਕਿ ਭਾਂਵੇ ਉਨ੍ਹਾਂ ਦੀ ਡਬਲ ਇੰਜਣ ਸਰਕਾਰ ਹੈ ਪਰ ਉਸ ਨੂੰ ਗੈਰ-ਭਾਜਪਾ ਹਕੂਮਤ ਅਤੇ ਸੂਬੇ ਦਾ ਸਤਿਕਾਰ ਕਰਨਾ ਚਾਹੀਦਾ ਹੈ।