ਮਾਲੇਰਕੋਟਲਾ ਦੇ ਇਸਲਾਮੀ ਵਿਦਵਾਨਾਂ ਨੇ ਮੁਫ਼ਤੀ ਖ਼ਲੀਲ ਕਾਸਮੀ ਦੀ ਅਗਵਾਈ 'ਚ ਵਕਫ਼ ਬੋਰਡ ਦੇ ਮੁਖੀ ਨਾਲ ਕੀਤੀ ਮੁਲਾਕਾਤ
-- ਦੱਸੀਆਂ ਮੁਸਲਮਾਨਾਂ ਦੀਆਂ ਸਮਸਿਆਵਾਂ
ਉਰਦੂ ਭਾਸ਼ਾ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਅਤੇ ਇਸਲਾਮੀਆਤ ਅਤੇ ਅਰਬੀ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਕੀਤੀ ਮੰਗ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 28 ਨਵੰਬਰ 2022 : ਮਾਲੇਰਕੋਟਲਾ ਤੋ ਵਿਦਵਾਨਾਂ ਦੇ ਇੱਕ ਗਰੁੱਪ ਨੇ ਪੰਜਾਬ ਵਕਫ਼ ਬੋਰਡ ਦੇ ਨਵ ਨਿਯੁਕਤ ਪ੍ਰਸ਼ਾਸ਼ਕ ਕਮ ਏਡੀਜੀਪੀ ਪੰਜਾਬ ਜਨਾਬ ਫ਼੍ਯਾਜ਼ ਫਾਰੂਕੀ ਨਾਲ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖ਼ਲੀਲ ਕਾਸਮੀ ਮੁਫ਼ਤੀ ਏ ਆਜ਼ਮ ਪੰਜਾਬ ਅਤੇ ਜਮੀਅਤ ਏ ਉਲਮਾ ਹਿੰਦ ਦੇ ਸੂਬਾਈ ਪ੍ਰਧਾਨ ਦੀ ਅਗਵਾਈ ਚ ਮੁਲਾਕਾਤ ਕਰਕੇ ਪੰਜਾਬ ਅੰਦਰ ਵੱਸਦੇ ਮੁਸਲਮਾਨਾਂ ਦੇ ਲਟਕਦੇ ਮਾਮਲੇ ਓਹਨਾ ਸਾਹਮਣੇ ਰੱਖ, ਓਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਮੰਗ ਕੀਤੀ।ਗੱਲਬਾਤ ਦੌਰਾਨ ਮੁਫ਼ਤੀ ਕਾਸਮੀ ਨੇ ਦੱਸਿਆ ਕਿ ਓਹਨਾਂ ਫਾਰੂਕੀ ਸਾਹਿਬ ਨਾਲ ਪੰਜਾਬ ਅੰਦਰ ਮਸਜਿਦਾਂ ਦੇ ਇਮਾਮਾਂ ਦੀ ਨਵੀਂ ਭਰਤੀ ਕਰਨ ਅਤੇ ਮੌਜੂਦਾ ਇਮਾਮਾਂ ਦੀ ਤਨਖਾਹ ਵਧਾਉਣ ਦੀ ਗੱਲ ਕੀਤੀ।ਓਹਨਾਂ ਬੋਰਡ ਦੇ ਤਹਿਤ ਚੱਲਦੇ ਸਕੂਲਾਂ ਚ ਉਰਦੂ ਭਾਸ਼ਾ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਅਤੇ ਇਸਲਾਮੀਆਤ ਅਤੇ ਅਰਬੀ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਲੋੜੀਂਦੇ ਟੀਚਰਾਂ ਦੀ ਭਰਤੀ ਕਰਨ ਬਾਰੇ ਕਿਹਾ।ਮੁਫ਼ਤੀ ਸਾਹਿਬ ਨੇ ਇਮਾਰਤੇ ਸ਼ਰੀਆ ਸਮੇਤ ਹੋਰ ਅਦਾਰਿਆਂ ਦੀ ਪੱਖਪਾਤੀ ਸੋਚ ਤਹਿਤ ਰੋਕੀ ਗਈ ਵਕਫ਼ ਗ੍ਰਾਂਟ ਨੂੰ ਮੁੜ ਤੋਂ ਚਾਲੂ ਕਰਨ ਦੀ ਵੀ ਮੰਗ ਕੀਤੀ। ਓਹਨਾਂ ਇਸ ਮੌਕੇ ਵਕਫ਼ ਬੋਰਡ ਦੀ ਆਮਦਨ ਵਧਾਉਣ ਦੇ ਮਕਸਦ ਨਾਲ ਵਕਫ਼ ਜਾਇਦਾਦਾਂ ਤੋ ਨਜਾਇਜ਼ ਕਬਜ਼ੇ ਹਟਾਉਣ ਖਾਸ ਤੌਰ ਤੇ ਬੋਰਡ ਦੇ ਅਜੇਹੇ ਮੁਲਾਜ਼ਮ ਜਿਨ੍ਹਾਂ ਦੀ ਉਕਤ ਨਜਾਇਜ਼ ਕਬਜਿਆਂ ਚ ਕਿਸੇ ਵੀ ਤਰੀਕੇ ਨਾਲ ਮਿਲੀਭੁਗਤ ਹੈ, ਨੂੰ ਬੋਰਡ ਤੋ ਬਾਹਰ ਦਾ ਰਸਤਾ ਦਿਖਾਉਣ ਬਾਰੇ ਕਿਹਾ।ਮੌਲਾਨਾ ਖ਼ਲੀਲ ਕਾਸਮੀ ਨੇ ਪੰਜਾਬ ਦੇ ਸਾਰੇ ਉਲਮਾ ਦਾ ਸਾਥ ਲੈ ਕੇ ਮੁਸਲਮਾਨਾਂ ਦੇ ਇਸਲਾਮੀ ਜਜ਼ਬੇ ਨੂੰ ਉਭਾਰਨ ਅਤੇ ਮਜ਼ਬੂਤ ਕਰਨ ਦੇ ਮਕਸਦ ਨਾਲ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕਣ ਬਾਰੇ ਫਾਰੂਕੀ ਸਾਹਿਬ ਨੂੰ ਪੇਸ਼ਕਸ਼ ਕੀਤੀ।ਬੋਰਡ ਦੇ ਪ੍ਰਸ਼ਾਸ਼ਕ ਜਨਾਬ ਫਾਰੂਕੀ ਸਾਹਿਬ ਨੇ ਵਫ਼ਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਜਲਦ ਹੀ ਇਸ ਸਿਮਤ 'ਚ ਜ਼ਰੂਰੀ ਕਦਮ ਉਠਾਉਣ ਦਾ ਭਰੋਸਾ ਦਿੱਤਾ।ਮੁਲਾਕਾਤ ਕਰਨ ਵਾਲੇ ਵਫਦ ਚ ਮੁਫ਼ਤੀ ਮੁਹੰਮਦ ਯੂਸਫ਼ ਕਾਸਮੀ ਸੂਬਾਈ ਜਨ. ਸਕੱਤਰ ਜਮੀਅਤ ਏ ਉਲਮਾ ਹਿੰਦ, ਕਾਰੀ ਮੁਹੰਮਦ ਇਰਸ਼ਾਦ ਕਾਸਮੀ, ਕਾਰੀ ਅਬਦੁਲ ਸੁਬਹਾਨ ਕਾਸਮੀ, ਹਾਫ਼ਿਜ਼ ਮੁਹੰਮਦ ਇਕਰਾਮ ਅਤੇ ਮੀਡੀਆ ਸਲਾਹਕਾਰ ਯਾਸੀਨ ਅਲੀ ਮਜੂਦ ਸਨ।