ਸਹਾਰਾ ਵੈਲਫੇਅਰ ਸੁਸਾਇਟੀ ਨੇ ਪਿਛਲੇ ਸਾਲਾਂ ਦੀ ਤਰਾਂ ਆਯੋਜਿਤ ਕੀਤਾ ਗਿਆ ਸਮੂਹਿਕ ਵਿਆਹਾ ਦਾ ਪ੍ਰੋਗਰਾਮ
ਵਿਆਹਾਂ ਤੇ ਫਾਲਤੂ ਖਰਚਿਆਂ ਨੂੰ ਰੋਕ ਕੇ ਬਹੁਤ ਹੀ ਘੱਟ ਖਰਚੇ ਵਾਲੇ ਵਿਆਹਾਂ ਦਾ ਚਲਨ ਸਮਾਜ ‘ਚ ਚਲਾ ਸਕਦੇ ਹਾਂ-ਮੁਫਤੀ ਏ ਆਜ਼ਮ ਪੰਜਾਬ
ਆਪਣੀ ਇੱਛਾਵਾਂ ‘ਤੇ ਕੰਟਰੋਲ ਕਰਕੇ ਸਮਾਜ ‘ਤੇ ਕੌਮ ਨੂੰ ਉੱਚਾ ਚੁੱਕਣ ਵਾਲੇ ਕਾਰਜਾਂ ‘ਚ ਬਣਦਾ ਯੋਗਦਾਨ ਪਾਇਆ ਜਾਵੇ--ਲਤੀਫ ਅਹਿਮਦ ਥਿੰਦ ਸੀ.ਈ.ਓ
ਵੱਖ ਵੱਖ ਹਸਤੀਆਂ ਨੇ ਵਿਆਹੇ ਜੌੜਿਆਂ ਨੂੰ ਅਸ਼ੀਰਵਾਦ ਅਤੇ ਸੰਸਥਾਂ ਨੂੰ ਵਧਾਈ ਦਿੱਤੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 28 ਨਵੰਬਰ 2022: ਆਪਣੇ ਰੋਜ਼ਾਨਾ ਦੇ ਫਾਲਤੂ ਖਰਚਿਆਂ ‘ਤੇ ਕੰਟਰੋਲ ਕਰਕੇ ਇੱਕ ਵੱਡੀ ਰਕਮ ਜਮਾਂ ਕੀਤੀ ਜਾ ਸਕਦੀ ਹੈ ਅਤੇ ਉਸ ਜਮਾਂ ਕੀਤੀ ਰਕਮ ਨਾਲ ਦੇਸ਼ ਕੌਮ ਦੀ ਤਰੱਕੀ ਲਈ ਬਣਦਾ ਯੋਗਦਾਨ ਪਾਇਆ ਜਾ ਸਕਦਾ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ ਏ ਆਜ਼ਮ ਪੰਜਾਬ ਨੇ ਅੱਜ ਸਥਾਨਕ ਕੁੰਦਨ ਲਾਲ ਧਰਮਸ਼ਾਲਾ ਵਿਖੇ ਇਲਾਕੇ ਦੀ ਨਾਮਵਰ ਅਤੇ ਸਮਾਜੀ ਸੰਸਥਾ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਵੱਲੋਂ ਪਿਛਲੇ ਸਾਲਾਂ ਦੀ ਤਰਾਂ ਲੋੜਵੰਦ ਜੌੜਿਆਂ ਦੇ ਸਮੂਹਿਕ ਵਿਆਹ ਪ੍ਰੋਗ੍ਰਾਮ ਮੌਕੇ ਆਪਣੇ ਭਾਸ਼ਣ ਦੌਰਾਨ ਕੀਤਾ।ਮੌਲਾਨਾ ਨੇ ਕਿਹਾ ਕਿ ਅਸੀਂ ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੇ ਅਜਿਹੇ ਖਰਚੇ ਕਰਦੇ ਹਾਂ ਜਿਨਾਂ ਦੀ ਉੱਕਾ ਹੀ ਲੋੜ ਨਹੀਂ ਹੁੰਦੀ ਅਤੇ ਇਸ ਤਰਾਂ ਦੇ ਖਰਚਿਆਂ ਨਾਲ ਅਸੀਂ ਆਪਣੇ ਲਈ ਹੀ ਕਈ ਤਰਾਂ ਦੀਆਂ ਸਮਸਿਆਵਾਂ ਨੂੰ ਬੁਲਾਵਾ ਦੇ ਰਹੇ ਹੁੰਦੇ ਹਾਂ।ਉਨਾਂ ਕਿਹਾ ਕਿ ਸਹਾਰਾ ਸੁਸਾਇਟੀ ਨੇ ਸਮੂਹਿਕ ਵਿਆਹਾਂ ਦਾ ਪ੍ਰੋਗ੍ਰਾਮ ਉਲੀਕ ਕੇ ਇਹ ਸੁਨੇਹਾ ਸਮਾਜ ਨੂੰ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਅਸੀਂ ਚਾਹੀਏ ਤਾਂ ਵਿਆਹਾਂ ਤੇ ਹੋਣ ਵਾਲੇ ਫਾਲਤੂ ਖਰਚਿਆਂ ਨੂੰ ਰੋਕ ਕੇ ਇਸ ਤਰਜ਼ ‘ਤੇ ਸਮੂਹਿਕ ਅਤੇ ਬਹੁਤ ਹੀ ਘੱਟ ਖਰਚੇ ਵਾਲੇ ਵਿਆਹਾਂ ਦਾ ਚਲਨ ਸਮਾਜ ‘ਚ ਚਲਾ ਸਕਦੇ ਹਾਂ l
ਇਸ ਮੌਕੇ ਜਨਾਬ ਲਤੀਫ ਅਹਿਮਦ ਥਿੰਦ ਪੀਸੀਐਸ ਅਤੇ ਸੀਈਓ ਪੰਜਾਬ ਵਕਫ ਬੋਰਡ ਨੇ ਕਿਹਾ ਕਿ ਇਨਸਾਨ ਦੀਆਂ ਇੱਛਾਵਾਂ ਕਦੇ ਨਹੀਂ ਮੁੱਕਦੀਆਂ ਬਲਕਿ ਇਨਸਾਨ ਖੁਦ ਹੀ ਮੁੱਕ ਜਾਂਦਾ ਹੈ ਇਸ ਲਈ ਜ਼ਰੂਰੀ ਹੈ ਕਿ ਆਪਣੀ ਇੱਛਾਵਾਂ ‘ਤੇ ਕੰਟਰੋਲ ਕਰਕੇ ਸਮਾਜ ‘ਤੇ ਕੌਮ ਨੂੰ ਉੱਚਾ ਚੁੱਕਣ ਵਾਲੇ ਕਾਰਜਾਂ ‘ਚ ਬਣਦਾ ਯੋਗਦਾਨ ਪਾਇਆ ਜਾਵੇ।ਇਸ ਮੌਕੇ ਡਾ. ਸਯਦ ਤਨਵੀਰ ਹੂਸੈਨ ਅਤੇ ਉੱਘੇ ‘ਤੇ ਨੌਜਵਾਨ ਉਰਦੂ ਪੰਜਾਬੀ ਦੇ ਸ਼ਾਇਰ ਜ਼ਮੀਰ ਅਲੀ ਜ਼ਮੀਰ ਨੇ ਵੀ ਵਿਆਹ ਵਾਲੇ ਜੌੜਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਹਾਰਾ ਵੈਲਫੇਅਰ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਦੀ ਇਸ ਕੋਸ਼ਿਸ਼ ਲਈ ਉਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਅਜ਼ਹਰ ਮੁਨੀਮ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਦੇ ਨਾਲ ਨਾਲ ਸੰਸਥਾ ਦੇ ਪਿਛਲੇ ਅਰਸੇ ਦੌਰਾਨ ਕੀਤੇ ਜਾਵ ਵਾਲੇ ਕੰਮਾਂ ਦੀ ਰਿਪੋਰਟ ਪੜ੍ਹ ਕੇ ਸੁਣਾਈ ਜਦੋਂ ਕਿ ਸੰਸਥਾ ਦੇ ਸ੍ਰਪ੍ਰਸਤ ਅਬਦੁਲ ਗੱਫਾਰ ਨੇ ਅੰਤ ;ਚ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਨੇ ਇਸ ਮੌਕੇ ਜੌੜਿਆਂ ਦੇ ਨਿਕਾਹ ਪੜ੍ਹਾਏ ਅਤੇ ਸੱਚੇ ਰੱਬ ਅੱਗੇ ਦੂਆ ਕੀਤੀ।ਇਸ ਮੌਕੇ ਹੋਰਨਾਂ ਤੋਂ ਇਾਲਵਾ ਆੜ੍ਤੀਆ ਅਬਦੁਲ ਲਤੀਫ ਪੱਪੂ,ਮੁਫਤੀ ਮੁਹੰਮਦ ਯੂਸਫ ਕਾਸਮੀ ਜਨ. ਸ਼ਕੱਤਰ ਜਮੀਅਤ ਉਲ ਉਲਮਾ ਹਿੰਦ, ਮੁਫਤੀ ਤਾਹਿਰ ਕਾਸਮੀ, ਸਨਅਤਕਾਰ ਇਲਯਾਸ ਅਬਦਾਲੀ, ਡਾ. ਕਰਨਵੀਰ ਗਾਇਨਾਕੋਲੋਜਿਸਟ, ਸ਼ੇਖ ਸੱਜਾਦ ਹੂਸੈਨ ਕਾਰੀ ਅਬਦੁਲ ਸੁਬਹਾਨ, ਹਾਫਿਜ਼ ਮੁਹੰਮਦ ਯੂਸਫ, ਅਤੇ ਮੁਕਰਮ ਸੈਫੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।