ਭਿ੍ਸ਼ਟਾਚਾਰ ਵਿਰੁੱਧ 29 ਨਵੰਬਰ ਨੂੰ ਧਰਨਾ ਦੇਵੇਗੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ
ਪਿੰਡ -ਪਿੰਡ ਮੀਟਿੰਗਾਂ ਕਰਕੇ ਮਜ਼ਦੂਰਾਂ ਦੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਲਾਮਬੰਦੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 28 ਨਵੰਬਰ 2022- ਆਪਣੇ ਮਿ੍ਤਕ ਰਿਸ਼ਤੇਦਾਰ ਦੇ ਕਾਨੂੰਨੀ ਵਾਰਸ ਬਣਨ ਲਈ ਤਹਿਸੀਲਦਾਰ ਗੁਰਦਾਸਪੁਰ ਦੇ ਦਫ਼ਤਰ ਤੋਂ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਨ ਲਈ ਆਮ ਲੋਕਾਂ ਦੀ ਖਜਲ ਖ਼ੁਆਰੀ ਤੋਂ ਤੰਗ ਆਏ ਲੋਕਾਂ ਨੂੰ ਰਾਹਤ ਦਿਵਾਉਣ ਲਈ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਵੱਲੋਂ 29 ਨਵੰਬਰ ਨੂੰ ਤਹਿਸੀਲ ਕੰਪਲੈਕਸ ਗੁਰਦਾਸਪੁਰ ਵਿਖੇ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਗੰਭੀਰ ਮਸਲੇ ਦੇ ਸਬੰਧ ਵਿੱਚ ਸੁਰਿੰਦਰ ਪਾਲ, ਵਾਜਪਾਈ, ਗੁਰਮੇਜ ਸਿੰਘ, ਪਵਨ ਕੁਮਾਰ,ਜਸ ਪਾਲ ਅਤੇ ਗੁਰਮੀਤ ਰਾਜ ਦੀ ਪ੍ਰਧਾਨਗੀ ਹੇਠ ਪਿੰਡ ਰਾਮਨਗਰ,ਭੁਕਰਾ, ਮੀਰਪੁਰ,ਘੁਰਾਲਾ, ਪਾਹੜਾ ਅਤੇ ਮਾਨ ਵਿਖੇ ਮਜ਼ਦੂਰਾਂ ਦੀ ਵੱਡੇ ਪੱਧਰ ਤੇ ਲਾਮਬੰਦੀ ਕਰਦੇ ਹੋਏ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਦੌਰਾਨ ਇਫਟੂ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਪਨਿਆੜ ਅਤੇ ਸੁਖਦੇਵ ਰਾਜ ਬਹਿਰਾਮਪੁਰ ਅਤੇ ਜੋਗਿੰਦਰ ਪਾਲ ਘੁਰਾਲਾ ਨੇ ਦੱਸਿਆ ਕਿ ਭਿਰਸ਼ਟਾਚਾਰ ਦੇ ਮੁਕੰਮਲ ਖਾਤਮੇ ਦਾ ਐਲਾਨ ਕਰਨ ਵਾਲੀ ਆਮ ਆਦਮੀ ਦੀ ਸਰਕਾਰ ਦੇ ਦਾਅਵੇ ਸਿਰਫ ਵੱਡੇ ਵੱਡੇ ਇਸ਼ਤਿਹਾਰ ਵਿੱਚ ਹੀ ਦਿਖਾਈ ਦਿੰਦੇ ਹਨ ਜਦੋਂ ਕਿ ਜ਼ਮੀਨੀ ਹਕੀਕਤਾਂ ਅਨੁਸਾਰ ਆਮ ਲੋਕਾਂ ਦੀ ਹਰ ਦਫ਼ਤਰ ਵਿੱਚ ਅਜੇ ਹਰ ਢੰਗ ਨਾਲ ਲੁੱਟ ਬਰਕਰਾਰ ਹੈ।
ਜਿਸ ਤੋਂ ਤੰਗ ਆਏ ਲੋਕ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋ ਗਏ ਹਨ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਵਿੱਚ ਕਾਨੂੰਨੀ ਵਾਰਸ ਬਣਨ ਲਈ ਦਰਖ਼ਾਸਤ ਦੀ ਪੜਤਾਲ ਕਰਵਾਉਣ ਲਈ ਆਮ ਲੋਕ ਖਜਲ ਖ਼ੁਆਰ ਹੋ ਰਹੇ ਹਨ। ਜਥੇਬੰਦੀ ਵੱਲੋਂ ਉਚ ਅਧਿਕਾਰੀਆਂ ਦੇ ਸਾਹਮਣੇ ਇਸ ਮਾਮਲੇ ਬਾਰੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਤਹਿਸੀਲ ਕੰਪਲੈਕਸ ਮੂਹਰੇ ਮਜ਼ਦੂਰਾਂ ਵੱਲੋਂ ਵਿਸ਼ਾਲ ਧਰਨਾ ਲਗਾਇਆ ਜਾ ਰਿਹਾ ਹੈ। ਮੀਟਿੰਗਾਂ ਵਿੱਚ ਹਾਜ਼ਰ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਧਿਆਨ ਵਿੱਚ ਲਿਆਉਂਦੇ ਹੋਏ ਕਿਹਾ ਕਿ ਆਮ ਲੋਕਾਂ ਦੀ ਖਜਲ ਖ਼ੁਆਰੀ ਰੋਕਣ ਲਈ ਤਹਿਸੀਲਦਾਰ ਦਫ਼ਤਰ ਗੁਰਦਾਸਪੁਰ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਢੁਕਵੀਂ ਕਾਰਵਾਈ ਕਰਨ ਤਾਂ ਕਿ ਗਰੀਬ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਸੱਤ ਪਾਲ, ਜੋਤੀ ਲਾਲ, ਅਤੇ ਰਾਜ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਜ਼ਦੂਰ ਸ਼ਾਮਲ ਹੋਏ।