34 ਲੁੱਟ-ਖੋਹ ਦੀਆਂ ਵਾਰਦਾਤਾਂ ਅੰਜਾਮ ਦੇਣ ਵਾਲੇ ਗਰੋਹ ਦੇ ਤਿੰਨ ਵਿਅਕਤੀ ਕਾਬੂ
ਰਾਕੇਸ਼ ਭੱਟੀ
ਗੜ੍ਹਸ਼ੰਕਰ, 5 ਅਕਤੂਬਰ 2022 - ਗੜ੍ਹਸ਼ੰਕਰ ਪੁਲਿਸ ਨੇ ਗੜ੍ਹਸ਼ੰਕਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ 34 ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ, 3 ਮੋਟਰਸਾਈਕਲ, 2 ਐਕਟਿਵਾ, 3500 ਰੁਪਏ ਨਗਦੀ ਅਤੇ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਗੜ੍ਹਸ਼ੰਕਰ ਦੇ ਐਸ.ਐਚ.ਓ ਕਰਨੈਲ ਸਿੰਘ ਨੇ ਦੱਸਿਆ ਕਿ ਇਸ ਇੰਟਰ ਡਿਸਟ੍ਰਿਕਟ ਗਰੋਹ ਨੂੰ ਫੜਨ ਅਤੇ ਵਾਰਦਾਤਾਂ ਨੂੰ ਟਰੇਸ ਕਰਨ ਲਈ ਜਿਲ੍ਹਾ ਪੁਲਿਸ ਮੁੱਖੀ ਵੱਲੋਂ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਅਤੇ ਡੀ.ਐਸ.ਪੀ ਦਲਜੀਤ ਸਿੰਘ ਖੱਖ ਦੀ ਨਿਗਰਾਨੀ ਹੇਠ ਇਕ ਸ਼ਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਮੇਰੇ ਇਲਾਵਾ ਸਬ ਇੰਸਪੈਕਟਰ ਰਮਨਦੀਪ ਕੌਰ, ਐਸ.ਆਈ ਕੁਲਦੀਪ ਸਿੰਘ ਅਤੇ ਏ.ਐਸ.ਆਈ ਮਹਿੰਦਰ ਪਾਲ ਸ਼ਾਮਲ ਕੀਤੇ ਗਏ ਸਨ।
ਉਕਤ ਟੀਮ ਵੱਲੋਂ ਸਖਤ ਮਿਹਨਤ ਕਰਦੇ ਹੋਏ ਐਸ.ਆਈ ਰਮਨਦੀਪ ਕੌਰ ਨੇ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਪਿੰਡ ਪਦਰਾਣਾ ਲਾਗੇ ਨਾਕੇਬੰਦੀ ਦੌਰਾਨ ਇਕ ਮੋਟਰਸਾਈਕਲ ਤੇ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ। ਦੋਸ਼ੀਆਂ ਦੀ ਪਹਿਚਾਣ ਚੰਨਦੀਪ ਸਿੰਘ ਪੁੱਤਰ ਕੁਲਵਰਨ ਸਿੰਘ ਪਿੰਡ ਭਾਣਾ ਥਾਣਾ ਮਾਹਿਲਪੁਰ, ਸੁਖਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਈਸਪੁਰ ਅਤੇ ਹਰਦੀਪ ਸਿੰਘ ਪੁੱਤਰ ਤਜਿੰਦਰ ਸਿੰਘ ਵਾਸੀ ਪੰਜੋੜਾ ਥਾਣਾ ਮੇਹਟੀਆਣਾ ਵਜੋਂ ਹੋਈ ਹੈ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਅਪਣੇ ਹੋਰ ਸਾਥੀਆਂ ਨਾਲ ਮਿਲ ਕੇ ਗੜ੍ਹਸ਼ੰਕਰ, ਨਵਾਂਸ਼ਹਿਰ ਅਤੇ ਫਗਵਾੜਾ ਵਿਖੇ ਵੱਖ-ਵੱਖ ਥਾਵਾਂ ਤੇ ਰਾਹਗੀਰਾਂ ਨੂੰ ਜਖਮੀ ਕਰਕੇ 34 ਦੇ ਕਰੀਬ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲਿਸ ਵੱਲੋਂ ਜਾਂਚ ਦੌਰਾਨ ਦੋਸ਼ੀਆਂ ਕੋਲੋਂ 3 ਮੋਟਰਸਾਈਕਲ , 2 ਐਕਟਿਵਾ ਅਤੇ ਤੇਜਧਾਰ ਹਥਿਆਰ ਅਤੇ 3500 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।