ਗੁਰਦਾਸਪੁਰ 'ਚ ਦੋ ਥਾਵਾਂ 'ਤੇ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ ਦਾ ਤਿਉਹਾਰ
ਸਰਕਾਰੀ ਕਾਲਜ ਵਿੱਚ ਪਹਿਲਾਂ ਹੀ ਲੱਗੀ ਰਾਵਣ ਦੇ ਪੁਤਲੇ ਨੂੰ ਅੱਗ
ਰੋਹਿਤ ਗੁਪਤਾ
ਗੁਰਦਾਸਪੁਰ 5 ਅਕਤੂਬਰ 2022 - ਗੁਰਦਾਸਪੁਰ ਸ਼ਹਿਰ ਵਿਚ ਦੋ ਜਗ੍ਹਾ ਤੇ ਸਰਕਾਰੀ ਕਾਲਜ ਅਤੇ ਹਰਦੋਛੰਨੀ ਰੋਡ ਤੇ ਰਿਜਨਲ ਕੈਂਪਸ ਦੇ ਸਾਹਮਣੇ ਦੇ ਮੈਦਾਨ ਵਿਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਦੋਹਾਂ ਮੈਦਾਨਾਂ ਵਿਚ ਰਾਵਣ ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਲਗਾਏ ਗਏ ਜਿਨਾਂ ਨੂੰ ਸ਼ਾਮ ਹੁੰਦਿਆਂ ਹੀ ਮੁੱਖ ਮਹਿਮਾਨਾਂ ਨੇ ਅੱਗ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਨਾਲ-ਨਾਲ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਵੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
ਸਰਕਾਰੀ ਕਾਲਜ ਵਿੱਚ ਸਥਾਨਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਰਿਜ਼ਨਲ ਕੈਂਪਸ ਦੇ ਸਾਹਮਣੇ ਮੈਦਾਨ ਵਿਚ ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮ ਦੇ ਚੇਅਰਮੈਨ ਰਮਨ ਬਹਿਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਹਾਲਾਂਕਿ ਸਰਕਾਰੀ ਕਾਲਜ ਦੇ ਮੈਦਾਨ ਵਿੱਚ ਲਗਾਏ ਗਏ ਰਾਵਨ ਦੇ ਪੁਤਲੇ ਨੂੰ ਪਹਿਲਾਂ ਹੀ ਅੱਗ ਲੱਗ ਗਈ ਸੀ ਜਦ ਕਿ ਪਾਹੜਾ ਵੱਲੋਂ ਬਾਕੀ ਬਚੇ ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅੱਗ ਲਗਾ ਕੇ ਧਾਰਮਿਕ ਰੀਤ ਨਿਭਾਈ ਗਈ ਜਦ ਕਿ ਰਮਨ ਬਹਿਲ ਨੇ ਰਿਜ਼ਨਲ ਕੈਂਪਸ ਦੇ ਸਾਹਮਣੇ ਮੈਦਾਨ ਵਿੱਚ ਖੜੇ ਕੀਤੇ ਗਏ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਦੇ ਹਵਾਲੇ ਕੀਤਾ। ਦੋਹਾਂ ਸਥਾਨਾਂ ਤੇ ਪੁਖਤਾ ਪੁਲਿਸ ਪ੍ਰਬੰਧ ਕੀਤੇ ਗਏ ਸਨ।