ਬੀਰ ਦਵਿੰਦਰ ਸਿੰਘ
ਪਟਿਆਲਾ 5 ਅਕਤੂਬਰ 2022 : ਏ- ਸ਼੍ਰੈਣੀ ਦੇ ਬਦਨਾਮ ਗੈਂਗਸਟਰ ਦੀਪਕ ਟੀਨੂ ਦੀ, ਮਾਨਸਾ ਦੇ ਸੀ.ਆਈ.ਏ ਸਟਾਫ਼ ਦੀ ਹਿਰਾਸਤ ਵਿੱਚੋਂ ਸ਼ਰਮਨਾਕ ਫਰਾਰੀ ਨੇ, ਸਾਰੇ ਪੰਜਾਬ ਦੇ ਲੋਕਾਂ ਦੇ ਪੁਲਿਸ ਕਾਰਗੁਜ਼ਾਰੀ ਪ੍ਰਤੀ ਵਿਸ਼ਵਾਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ , ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕੀਤਾ , ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਗੈਂਗਸਟਰ ਦੀਪਕ ਟੀਨੂ ਦੀ ਸੀ.ਆਈ.ਏ ਸਟਾਫ਼ ਮਾਨਸਾ ਦੀ ਹਿਰਾਸਤ ਵਿੱਚੋਂ ਫਰਾਰੀ ਦੇ ਮਾਮਲੇ ਤੇ ਡੀ.ਜੀ.ਪੀ ਸ਼੍ਰੀ ਗੌਰਵ ਯਾਦਵ ਦੇ ਹੁਕਮਾ ਦੀ ਪਾਲਣਾਂ ਕਰਦੇ ਹੋਏ, ਮਾਨਸਾ ਜ਼ਿਲ੍ਹਾ ਦੇ ਪੁਲਿਸ ਪ੍ਰਸਾਸ਼ਨ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ, ਇਸ ਸ਼ਰਮਨਾਕ ਫਰਾਰੀ ਦੇ ਮੁੱਖ ਸੂਤਰਧਾਰ ਸੀ.ਆਈ.ਏ ਸਟਾਫ਼ ਮਾਨਸਾ ਦੇ ਇੰਚਾਰਜ ਸਬ ਇਨਸਪੈਕਟਰ ਪ੍ਰਿਤਪਾਲ ਸਿੰਘ ਦੇ ਖਿਲਾਫ਼ ਮੁਕੱਦਮਾਂ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਨਾਲ ਹੀ ਬਾਅਦ ਵਿੱਚ ਉਸਨੂੰ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ ਗਿਆ ਹੈ
ਪੰਜਾਬ ਦੇ ਡੀ.ਜੀ.ਪੀ ਸ਼੍ਰੀ ਗੌਰਵ ਯਾਦਵ ਵੱਲੋਂ ਇਕ ਏ- ਸ਼੍ਰੈਣੀ ਦੇ ਬਦਨਾਮ ਗੈਂਗਸਟਰ ਦੀਪਕ ਟੀਨੂ ਦੀ ਸ਼ਰਮਨਾਕ ਫਰਾਰੀ ਦੇ ਮਾਮਲੇ ਨੂੰ ਲੈ ਕੇ ਇੱਕ ਉੱਚ-ਪੱਧਰੀ ਵਿਸ਼ੇਸ਼-ਤਫ਼ਤੀਸ਼ੀ-ਟੀਮ ਦਾ ਗਠਨ ਵੀ, ਆਈ.ਜੀ. ਜ਼ੋਨਲ ਪਟਿਆਲਾ ਸ਼੍ਰੀ ਮੁੱਖਵਿੰਦਰ ਸਿੰਘ ਛੀਨਾ ਦੀ ਅਗਵਾਈ ਅਧੀਨ ਕਰ ਦਿੱਤਾ ਗਿਆ ਹੈ , ਪਰ ਇਸ ਵਿਸ਼ੇਸ਼ ਜਾਂਚ ਟੀਮ ਵਿੱਚ ਸੀਨੀਅਰ ਸੁਪਰਡੈਂਟ ਪੁਲਿਸ, ਮਾਨਸਾ ਸ਼੍ਰੀ ਗੌਰਵ ਤੂਰਾ ਦੀ ਸ਼ਾਮੂਲੀਅਤ ਹੈਰਾਨ ਕਰਨ ਵਾਲੀ ਹੈ
ਜਦ ਕਿ ਮਾਨਸਾ ਜ਼ਿਲ੍ਹੇ ਦੇ ਸੀਨੀਅਰ ਸੁਪਰਡੈਂਟ ਪੁਲਿਸ ਸ਼੍ਰੀ ਗੌਰਵ ਤੂਰਾ, ਐਸ ਪੀ (ਡਿਟੈਕਟਿਵ) ਸ਼੍ਰੀ ਬਾਲ ਕ੍ਰਿਸ਼ਨ ਸਿੰਗਲ ਅਤੇ ਡੀ.ਐਸ.ਪੀ (ਡ) ਲਵਪ੍ਰੀਤ ਸਿੰਘ ਨੂੰ ਤਾਂ ਹੁਣ ਤੀਕਰ ਮੁਅੱਤਲ ਕਰਨਾ ਬਣਦਾ ਸੀ , ਜਦੋਂ ਤੋਂ ਗੌਰਵ ਤੂਰਾ ਮਾਨਸਾ ਜ਼ਿਲ੍ਹੇ ਦੇ ਬਤੌਰ ਐੱਸ.ਐੱਸ.ਪੀ ਤਾਇਨਾਤ ਹਨ, ਮਾਨਸਾ ਜ਼ਿਲ੍ਹੇ ਦੀ ਇਹ ਦੂਸਰੀ ਵੱਡੀ ਵਾਰਦਾਤ ਹੈ, ਪਹਿਲਾਂ ਪੰਜਾਬ ਦੇ ਵੱਡੇ ਕਲਾਕਾਰ ਨੌਂਜਵਾਨ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਤੇ ਉਸ ਤੋਂ ਬਾਅਦ ਇੱਕ ਖਤਰਨਾਕ ਅਪਰਾਧੀ ਗੈਂਗਸਟਰ ਦੀਪਕ ਟੀਨੂ , ਜੋ ਕਿ ਮਾਨਸਾ ਜ਼ਿਲ੍ਹੇ ਵਿੱਚ ਹੋਏ ਇੱਕ ਵੱਡੇ ਅਪਰਾਧ, ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਵੀ ਮੁਲੱਵਸ ਹੈ ਅਤੇ ਬਾਕਾਇਦਾ ਤੌਰ ਤੇ ਨਾਮਜ਼ਦ ਮੁਲਜ਼ਮ ਹੈ, ਅਜਿਹੇ ਖਤਰਨਾਕ ਅਪਰਾਧੀ ਦਾ ਸੀ.ਆਈ.ਏ ਸਟਾਫ਼ ਮਾਨਸਾ ਦੀ ਹਿਰਾਸਤ ਵਿੱਚੋਂ ਸਨਸਨੀਖੇਜ਼ ਢੰਗ ਨਾਲ ਫਰਾਰ ਹੋਣਾਂ, ਦੂਜੀ ਵੱਡੀ ਵਾਰਦਾਤ ਹੈ, ਜੋ ਐੱਸ.ਐੱਸ.ਪੀ ਮਾਨਸਾ, ਸ਼੍ਰੀ ਗੌਰਵ ਤੂਰਾ ਦੀ ਨਾਅਹਿਲੀਅਤ ਦੀ ਪੱਕੀ ਨਿਸ਼ਾਨਦੇਹੀ ਕਰਦੀ ਹੈ ਅਤੇ ਇੱਕ ਸੀਨੀਅਰ ਪੁਲਿਸ ਅਫ਼ਸਰ ਵੱਜੋਂ ਉਸਦੀ ਢਿੱਲੀ ਕਾਰਗੁਜ਼ਾਰੀ ਦਾ ਪੁਖਤਾ ਸਬੂਤ ਹੈ , ਐੱਸ ਪੀ (ਡਿਟੈਕਟਿਵ) ਸ਼੍ਰੀ ਬਾਲ ਕ੍ਰਿਸ਼ਨ ਸਿੰਗਲ ਅਤੇ ਡੀ.ਐਸ.ਪੀ (ਡੀ) ਲਵਪ੍ਰੀਤ ਸਿੰਘ ਜਿਨ੍ਹਾਂ ਦੀ ਦੇਖ-ਰੇਖ ਅਥੇ ਸਿੱਧੀ ਨਿਗਰਾਨੀ ਅਧੀਨ ਸੀ.ਆਈ.ਏ ਸਟਾਫ਼ ਕੰਮ ਕਰਦਾ ਹੈ, ਇਹ ਦੋਹਵੇਂ ਪੁਲਿਸ ਅਫ਼ਸਰ ਵੀ ਆਪਣੀ ਢਿੱਲੀ ਕਾਰਗੁਜ਼ਾਰੀ ਅਤੇ ਡਿਊਟੀ ਵਿੱਚ ਕੁਤਾਹੀ ਕਰਨ ਲਈ, ਕਿਸੇ ਹੱਦ ਤੱਕ ਜ਼ਿੰਮੇਵਾਰ ਹਨ, ਇਨ੍ਹਾਂ ਨੂੰ ਵੀ ਤੁਰੰਤ ਮੁਅੱਤਲ ਕਰਕੇ ਜਾਂਚ ਦੇ ਘੇਰੇ ਵਿੱਚ ਲੈਣਾਂ ਚਾਹੀਦਾ ਹੈ
ਜ਼ਿਕਰਯੋਗ ਹੈ ਕਿ ਜਦੋਂ ਪਟਿਆਲਾ ਦੇ ਮਾਤਾ ਕਾਲੀ ਦੇਵੀ ਦੇ ਮੰਦਰ ਦੇ ਐਨ ਸਾਹਮਣੇ 29 ਅਪ੍ਰੈਲ 2022 ਨੂੰ ਦੋ ਪਾਰਟੀਆਂ ਵਿੱਚ ਕਿਸੇ ਮਾਮਲੇ ਤੇ ਆਪਸੀ ਮੁੱਠ ਭੇੜ ਹੋਇਆ ਸੀ, ਤਾਂ ਪਟਿਆਲਾ ਰੇਂਜ ਦੇ ਆਈ.ਜੀ ਸ਼੍ਰੀ ਰਾਕੇਸ਼ ਅਗਰਵਾਲ, ਐੱਸ.ਐੱਸ.ਪੀ ਪਟਿਆਲਾ ਡਾਕਟਰ ਨਾਨਕ ਸਿੰਘ ਅਤੇ ਐੱਸ.ਪੀ (ਸਿਟੀ) ਪਟਿਆਲਾ ਸ਼੍ਰੀ ਹਰਪਾਲ ਸਿੰਘ ਦਾ ਤਬਾਦਲਾ ਫੌਰੀ ਤੌਰ ਤੇ ਕਰ ਦਿੱਤਾ ਗਿਆ ਸੀ, ਪਰ ਹੁਣ ਪੰਜਾਬ ਦੇ ਲੋਕ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਸ਼੍ਰੀ ਗੌਰਵ ਯਾਦਵ ਪਾਸੋਂ ਜਾਨਣਾ ਚਾਹੁੰਦੇ ਹਨ ਕਿ ਮਾਨਸਾ ਜ਼ਿਲ੍ਹੇ ਦੀ ਪੁਲਿਸ ਦੀ, ਇਸ ਅਤੀ ਸੰਗੀਨ ਮਾਮਲੇ ਵਿੱਚ, ਸ਼ਰਮਨਾਕ ਅਣਗਹਿਲੀ ਅਤੇ ਪੁਲਿਸ ਪ੍ਰਬੰਧਾਂ ਦੇ ਦਿਵਾਲੀਏਪਣ ਉੱਤੇ ਹੁਣ ਦੂਹਰੇ ਮਾਪਦੰਡ ਕਿਉਂ ਹਨ ? ਇੱਕ ਨਾਅਹਿਲ ਪੁਲਿਸ ਕਪਤਾਨ ਸ਼੍ਰੀ ਗੌਰਵ ਤੂਰਾ ਹੁਣ ਨਵੀ ਜਾਂਚ ਟੀਮ ਵਿੱਚ ਬੈਠਕੇ, ਸਮੁੱਚੀ ਜਾਂਚ ਤੇ ਛਾਣਬੀਣ ਦੀ ਅਮਲੀ ਪ੍ਰਕਿਿਰਆ ਨੂੰ ਜਾਣ-ਬੁੱਝ ਕੇ ਗੁਪਤ ਤੌਰ ਤੇ ਨੁਕਸਾਨ ਪਹੁੰਚਾਣ ਜਾਂ ਪ੍ਰਭਾਵਿਤ ਨਹੀਂ ਕਰਨਗੇ ਇਸ ਦੀ ਕੀ ਗਰੰਟੀ ਹੈ ? ਇਸ ਲਈ ਇਨਸਾਫ਼ ਦਾ ਤਕਾਜ਼ੇ ਹਿੱਤ, ਏਹੀ ਯੋਗ ਹੋਵੇਗਾ ਕਿ ਉਪਰੋਕਤ ਦੱਸੇ ਤਿੰਨੇ ਹੀ ਪੁਲਿਸ ਅਫ਼ਸਰਾਂ, ਗੌਰਵ ਤੂਰਾ,ਬਾਲ ਕ੍ਰਿਸ਼ਨ ਸਿੰਗਲਾ ਅਤੇ ਲਵਪ੍ਰੀਤ ਸਿੰਘ ਦੇ ਖਿਲਾਫ਼, ਆਪਣੇ ਫਰਜ਼ਾਂ ਵਿੱਚ ਕੁਤਾਹੀ, ਡਿਊਟੀ ਵਿੱਚ ਉਕਾਈ ਤੇ ਖਤਰਨਾਕ ਅਪਰਾਧੀ, ਦੀਪਕ ਟੀਨੂ ਜਿਹੇ ਸੰਗੀਨ ਮਾਮਲੇ ਵਿੱਚ ਘੋਰ ਅਣਗਹਿਲੀ ਕਰਨ ਦੇ ਦੋਸ਼ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ