ਪੰਜਾਬ ਦੇ ਇਤਿਹਾਸ ਦੀ ਸਭ ਤੋਂ ਇਮਾਨਦਾਰ ਸਰਕਾਰ ਲੈ ਰਹੀ ਹੈ ਲੋਕਹਿੱਤ ਵਿਚ ਫੈਸਲੇ - ਹਰਜੋਤ ਬੈਂਸ
- ਲੋਕਾਂ ਨੂੰ ਉਨ੍ਹਾਂ ਦੇ ਦਰਾਂ ਤੇ ਮਿਆਰੀ ਸਿਹਤ ਸੁਵਿਧਾਵਾਂ ਦੇਣ ਦੀ ਦਿਸ਼ਾ ਵਿੱਚ ਆਮ ਆਦਮੀ ਕਲੀਨਿਕ ਮੀਲ ਪੱਥਰ ਸਾਬਿਤ ਹੋਣਗੇ- ਕੈਬਨਿਟ ਮੰਤਰੀ
- ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣੇ ਆਮ ਆਦਮੀ ਕਲੀਨਿਕ ਨੂੰ ਹਰਜੋਤ ਬੈਂਸ ਕੈਬਨਿਟ ਮੰਤਰੀ ਵੱਲੋਂ ਕੀਤਾ ਗਿਆ ਲੋਕ ਅਰਪਣ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ 15 ਅਗਸਤ 2022:ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਅਜਾਦੀ ਦੀ 75ਵੀਂ ਵਰੇਗੰਢ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਮਜਾਰਾ ਵਿਖੇ ਆਮ ਆਦਮੀ ਕਲੀਨਿਕ ਲੋਕ ਅਰਪਣ ਕੀਤਾ ਗਿਆ। ਜਿੱਥੇ ਲੋਕਾਂ ਨੂੰ 41 ਤਰਾਂ ਦੇ ਮੈਡੀਕਲ ਟੈਸਟ ਮੁਫਤ ਕਰਵਾਉਣ ਦੀ ਸਹੂਲਤ ਮਿਲੇਗੀ। ਇਹ ਆਮ ਆਦਮੀ ਕਲੀਨਿਕ ਲੋਕਾਂ ਨੂੰ ਉਨ੍ਹਾਂ ਦੇ ਦਰਾ ਤੇ ਮਿਆਰੀ ਸਿਹਤ ਸੁਵਿਧਾਵਾਂ ਦੇਣ ਦੀ ਦਿਸ਼ਾ ਵਿੱਚ ਮੀਲ ਪੱਥਰ ਸਾਬਿਤ ਹੋਣਗੇ। ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਲੋਕ ਹਿਤੈਸ਼ੀ ਉਪਰਾਲੇ ਨਾਲ ਲੋਕਾਂ ਨੂੰ ਇਲਾਜ ਦੀਆਂ ਬਿਹਤਰ ਸੁਵਿਧਾਵਾਂ ਉਨ੍ਹਾਂ ਦੇ ਘਰ ਤੱਕ ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਕਲੀਨਿਕ ਓਪੀਡੀ ਸੇਵਾਵਾਂ, ਟੀਕਾਕਰਨ ਸਹੂਲਤਾਂ, ਜਣੇਪਾ ਸੇਵਾਵਾਂ, ਪਰਿਵਾਰ ਨਿਯੋਜਨ ਦੀਆਂ ਸਹੂਲਤਾਂ, ਮੁਫ਼ਤ ਲੈਬ ਟੈਸਟ, ਮੁਫ਼ਤ ਦਵਾਈਆਂ ਆਦਿ ਪ੍ਰਦਾਨ ਕਰਨਗੇ।
ਹੋਰ ਜਾਣਕਾਰੀ ਦਿੰਦੇ ਹੋਏ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਦੀ ਸਭ ਤੋ ਇਮਾਨਦਾਰ ਸਰਕਾਰ ਲੋਕਹਿੱਤ ਵਿਚ ਜਿਕਰਯੋਗ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ 75ਵੀਂ ਆਜ਼ਾਦੀ ਵਰੇਗੰਢ ਮੌਕੇ ਪੂਰੇ ਸੂਬੇ ਵਿੱਚ 75 ਆਮ ਆਦਮੀ ਕਲੀਨਿਕ ਲੋਕ ਅਰਪਣ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੌਣਾਵੀ ਸਮੇਂ ਦੌਰਾਨ ਲੋਕਾ ਨਾਲ ਕੀਤੇ ਵੱਡੇ ਵਾਅਦੇ ਨੂੰ ਪੂਰਾ ਕਰਦਿਆ ਇਹ ਆਮ ਆਦਮੀ ਕਲੀਨਿਕ ਪੰਜ ਮਹੀਨੇ ਅੰਦਰ ਸ਼ੁਰੂ ਕੀਤੇ ਹਨ ਜੋ ਕਿ ਪੰਜਾਬ ਸਰਕਾਰ ਦੀ ਵੱਡੀ ਕਾਮਯਾਬੀ ਹੈ ।
ਬੈਂਸ ਨੇ ਕਲੀਨਿਕ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਦੱਸਦਿਆ ਕਿਹਾ ਕਿ ਕਲੀਨਿਕ ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਮੈਡੀਕਲ ਅਫ਼ਸਰ, ਕਲੀਨਿਕਲ ਸਹਾਇਕ, ਫਾਰਮਾਸਿਸਟ, ਹੈਲਪਰ ਆਦਿ ਮੌਜੂਦ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਲੀਨਿਕ ਰਾਹੀਂ ਇਲਾਜ ਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਕਿਉਂਕਿ ਇਨ੍ਹਾਂ ਕਲੀਨਿਕਾਂ ਵਿੱਚ 41 ਤਰ੍ਹਾਂ ਦੇ ਮੈਡੀਕਲ ਟੈਸਟ ਮੁਫ਼ਤ ਕੀਤੇ ਜਾਣਗੇ।
ਇਸ ਮੌਕੇ ਐਸ.ਡੀ.ਐਮ ਮਨੀਸ਼ਾ ਰਾਣਾ, ਡੀ.ਐਸ.ਪੀ ਅਜੇ ਸਿੰਘ, ਬੀ.ਡੀ.ਪੀ.ਓ ਈਸ਼ਾਨ ਚੋਧਰੀ, ਸਿਵਲ ਸਰਜਨ ਪਰਮਿੰਦਰ ਕੁਮਾਰ, ਐਸ.ਐਮ.ਓ ਚਰਨਜੀਤ ਸਿੰਘ, ਹਰਮਿੰਦਰ ਸਿੰਘ ਢਾਹੇ, ਕਮਿੱਕਰ ਸਿੰਘ ਡਾਢੀ ਜਿਲ੍ਹਾ ਯੂਥ ਪ੍ਰਧਾਨ, ਦੀਪਕ ਸੋਨੀ ਭਨੂਪਲੀ, ਜਸਪ੍ਰੀਤ ਜੇ.ਪੀ, ਬਾਬੂ ਚਮਨ ਲਾਲ, ਜਸਵੀਰ ਸਿੰਘ ਅਰੋੜਾ, ਦੀਪਕ ਆਂਗਰਾ, ਸ਼ੱਮੀ ਬਰਾਰੀ, ਰੋਹਿਤ, ਅਨਿਰੁੱਧ ਸ਼ਰਮਾ, ਕੇਸਰ ਸਿੰਘ ਸੰਧੂ, ਜੁਝਾਰ ਸਿੰਘ ਆਸਪੁਰ, ਦਰਸ਼ਨ ਸਿੰਘ ਅਟਾਰੀ, ਸੋਹਣ ਸਿੰਘ ਨਿੱਕੂਵਾਲ, ਸੁਜੈਨ ਸ਼ਾਹ, ਰਕੇਸ ਕੁਮਾਰ ਮਹਿਲਮਾ ਬਲਾਕ ਸੰਮਤੀ ਚੇਅਰਮੈਨ, ਕਮਲਜੀਤ ਸਿੰਘ, ਬਖਤਾਵਰ ਸਿੰਘ ਰਾਣਾ, ਅਜਮੇਰ ਸਿੰਘ, ਊਸ਼ਾ ਰਾਣੀ, ਸੋਹਣ ਸਿੰਘ ਬੈਂਸ, ਪੰਚ,ਸਰਪੰਚ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ।