ਲਾਲ ਕਿਲ੍ਹੇ ਝੰਡਾ ਝਲਾਉਣ ਵੇਲੇ ਦੀ ਵਾਇਰਲ ਵੀਡੀਓ ਬਾਰੇ ਕੀ ਬੋਲੇ ਲਾਲਜੀਤ ਭੁੱਲਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 15 ਅਗਸਤ 2022- ਪਿਛਲੇ ਦਿਨੀਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੀ ਦੀਪ ਸਿੱਧੂ ਦੇ ਨਾਲ ਲਾਲ ਕਿਲ੍ਹੇ ਝੰਡਾ ਝਲਾਉਣ ਵੇਲੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਅਤੇ ਉਕਤ ਵੀਡੀਓ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਦੇ ਵਲੋਂ ਵਾਇਰਲ ਕੀਤਾ ਗਿਆ ਸੀ। ਹੁਣ ਉਕਤ ਵੀਡੀਓ ਬਾਰੇ ਲਾਲਜੀਤ ਭੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਭੁੱਲਰ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ, ਹਾਂ ਮੈਂ ਦਿੱਲੀ ਕਿਸਾਨ ਮੋਰਚੇ ਵਿੱਚ ਗਿਆ ਸੀ ਅਤੇ ਲਾਲ ਕਿਲ੍ਹੇ ਤੇ ਵੀ ਮੈਂ ਗਿਆ ਸੀ। ਮੈਂ ਕਿਸਾਨ ਦਾ ਪੁੱਤ ਹਾਂ। ਇਸੇ ਦੌਰਾਨ ਹੀ ਸੁਖਪਾਲ ਖ਼ਹਿਰਾ ਤੇ ਵਰਦਿਆਂ ਹੋਇਆ ਭੁੱਲਰ ਨੇ ਕਿਹਾ ਕਿ, ਖ਼ਹਿਰੇ ਦਾ ਪਿਤਾ ਖ਼ਾਲਿਸਤਾਨ ਦੀ ਮੰਗ ਕਰਦਾ ਸੀ, ਪਹਿਲਾਂ ਖ਼ਹਿਰਾ ਆਪਣੇ ਪਤਾ ਬਾਰੇ ਦੱਸੇ।
ਇਸ ਦੇ ਨਾਲ ਹੀ ਲਾਲਜੀਤ ਭੁੱਲਰ ਨੇ ਕਿਹਾ ਕਿ, ਸੁਖਪਾਲ ਖ਼ਹਿਰਾ ਸਪੱਸ਼ਟ ਕਰੇ ਕਿ, ਉਹ ਆਪਣੇ ਪਿਤਾ ਦੇ ਨਾਲ ਹੈ ਜਾਂ ਫਿਰ.....। ਦੱਸਣਾ ਬਣਦਾ ਹੈ ਕਿ, ਲਾਲਜੀਤ ਭੁੱਲਰ ਅਤੇ ਦੀਪ ਸਿੱਧੂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਅਤੇ ਅਕਾਲੀ ਦਲ ਨੇ ਵੀ ਆਪ ਸਰਕਾਰ ਤੋਂ ਇਲਾਵਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਤੇ ਸਵਾਲ ਖੜ੍ਹੇ ਕੀਤੇ ਸਨ।