ਪੰਜਾਬ ਸਰਕਾਰ ਨੇ ਜੇ ਡੇਅਰੀ ਕਿਸਾਨਾਂ ਲਈ ਐਲਾਨਿਆਂ ਆਰਥਿਕ ਪੈਕੇਜ਼ ਲਾਗੂ ਨਾ ਕੀਤਾ ਤਾਂ ਮੁੜ ਸੰਗਰਸ਼ ਦੇ ਰਾਹ ਤੁਰਨਗੇ ਡੇਅਰੀ ਕਿਸਾਨ
ਹਰਜਿੰਦਰ ਸਿੰਘ ਭੱਟੀ
- ਡੇਅਰੀ ਕਿਸਾਨਾਂ ਦੀ ਜਥੇਬੰਦੀ ਦੀ ਪੀ.ਡੀ.ਐਫ.ਏ. ਨੇ ਪ੍ਰੈਸ ਕਾਨਫਰੰਸ ਕਰਕੇੇ ਕੀਤਾ ਐਲਾਨ
- ਪੰਜਾਬ ਸਰਕਾਰ ਲੰਪੀ ਸਕਿਨ ਨਾਲ ਮਰੀਆਂ ਗਊਆਂ ਦਾ ਪੀੜ੍ਹਤ ਕਿਸਾਨਾਂ ਨੂੰ ਤੁਰੰਤ ਮੁਆਵਜਾ ਦੇਵੇ-ਸਦਰਪੁਰਾ
ਚੰਡੀਗੜ੍ਹ 13 ਅਗਸਤ 2022 - ਪੰਜਾਬ ਸਰਕਾਰ ਵਲੋਂ ਰਾਜ ਦੇ ਡੇਅਰੀ ਕਿਸਾਨਾਂ ਨੂੰ ਆਰਥਿਕ ਮੰਦਵਾੜੇ ’ਚੋਂ ਕੱਢਣ ਲਈ ਐਲਾਨਿਆਂ ਆਰਥਿਕ ਪੈਕੇਜ਼ ਲਾਗੂ ਨਾ ਕਰਨ ਤੇ ਉਲਟਾ ਇਸ ਮੁੱਦੇ ’ਤੇ ਪਿਛਲੇ ਤਿੰਨ ਮਹੀਨਿਆਂ ਤੋਂ ਸਰਕਾਰ ਨਾਲ ਗੱਲਬਾਤ ਦੀ ਕੋਸਿਸ਼ ਕਰ ਰਹੇ ਡੇਅਰੀ ਕਿਸਾਨਾਂ ਨੂੰ ਨਾ ਹੀ ਮੁੱਖ ਮੰਤਰੀ ਤੇ ਨਾ ਹੀ ਵਿੱਤੀ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸਮਾਂ ਦੇਣ ਤੋਂ ਖਫ਼ਾ ਹੋਏ ਪੰਜਾਬ ਦੇ ਡੇਅਰੀ ਕਿਸਾਨਾਂ ਨੇ ਮੁੜ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ। ਅਤੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ 24 ਅਗਸਤ ਨੂੰ ਲੁਧਿਆਣਾ ਵੇਰਕਾ ਪਲਾਂਟ ਵਿਖੇ ਧਰਨਾ ਦੇਵਾਂਗੇ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਡੇਅਰੀ ਕਿਸਾਨਾਂ ਦੀ ਅਗਵਾਈ ਕਰਨ ਵਾਲੀ ਸੰਸਥਾ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸ਼ੀਏਸ਼ਨ (ਪੀ.ਡੀ.ਐਫ.ਏ.) ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਪੰਜਾਬ ਵਿਚ ਡੇਅਰੀ ਕਿਸਾਨਾਂ ਨੂੰ ਨਵੀਂ ਸਰਕਾਰ ਤੋਂ ਵੱਡੀਆਂ ਆਸਾਂ ਸਨ, ਪਰ ਸਰਕਾਰ ਬਣਨ ਤੋਂ ਬਾਅਦ ਉਲਟਾ ਡੇਅਰੀ ਕਿਸਾਨਾਂ ਦੀਆਂ ਸਮੱਸਿਆਵਾਂ ਹੋਰ ਵਧ ਗਈਆਂ ਹਨ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਬਣ ਗਈ ਹੈ, ਕਿ ਡੇਅਰੀ ਕਿਸਾਨਾਂ ਦੀ ਗੱਲ ਸੁਣਨ ਲਈ ਹੀ ਕੋਈ ਜਿੰਮੇਵਾਰ ਮੰਤਰੀ ਜਾਂ ਮੁੱਖ ਮੰਤਰੀ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਵੀ ਜਦੋਂ ਪੰਜਾਬ ਦੇ ਹਜ਼ਾਰਾਂ ਡੇਅਰੀ ਕਿਸਾਨ ਆਪਣੇ ਆਰਥਿਕ ਮੰਡੇਵਾੜੇ ਦੇ ਮੁੱਦੇ ਨੂੰ ਲੈ ਕੇ ਮੁਹਾਲੀ ਦੀਆਂ ਸੜਕਾਂ ’ਤੇ ਪੁੱਜੇ ਸਨ ਤਾਂ ਰਾਜ ਸਰਕਾਰ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪੀ.ਡੀ.ਐਫ.ਏ. ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ 55 ਰੁਪਏ ਪ੍ਰਤੀ ਕਿਲੋ ਫੈਟ ਵਾਧਾ ਦੇਣ ਦਾ ਐਲਾਨ ਕੀਤਾ ਸੀ, ਜਿਸ ਵਿਚੋਂ 20 ਰੁਪਏ ਪ੍ਰਤੀ ਕਿਲੋ ਫੈਟ ਮਿਲਕਫੈਡ ਵਲੋਂ ਦਿੱਤੇ ਜਾਣੇੇ ਸਨ, ਜੋ 21 ਮਈ ਨੂੰ ਲਾਗੂ ਹੋ ਗਏ, ਪਰ 35 ਰੁਪਏ ਪ੍ਰਤੀ ਕਿਲੋ ਫੈਟ ਦੁੱਧ ਦੇ ਭਾਅ ਦਾ ਵਾਧਾ ਪੰਜਾਬ ਸਰਕਾਰ ਵਲੋਂ ਦਿੱਤਾ ਜਾਣਾ ਸੀ, ਜੋ ਹੁਣ ਤੱਕ ਲਾਗੂ ਨਹੀਂ ਹੋ ਸਕਿਆ। ਸ. ਸਦਰਪੁਰਾ ਨੇ ਕਿਹਾ ਕਿ ਇਸ ਵਾਧੇ ਦਾ ਐਲਾਨ ਉੁਪਰੋਕਤ ਮੰਤਰੀਆਂ ਵਲੋਂ ਕਰਨ ਤੋਂ ਬਾਅਦ ਇਸ ਦੀ ਪੁਸਟੀ ਬਜਟ ਸੈਸ਼ਨ ਦੌਰਾਨ ਵੀ ਕੀਤੀ ਗਈ ਸੀ, ਪਰ ਅਫਸੋਸ ਹੁਣ ਤੱਕ 35 ਰੁਪਏ ਪ੍ਰਤੀ ਕਿਲੋ ਫੈਟ ਦਾ ਐਲਾਨਿਆਂ ਵਾਧਾ ਲਾਗੂ ਨਹੀਂ ਹੋ ਸਕਿਆ, ਜਿਸ ਕਾਰਨ ਡੇਅਰੀ ਕਿਸਾਨ ਸੰਘਰਸ਼ ਦੇ ਰਾਹ ਤੁਰਨ ਲਈ ਮਜ਼ਬੂਰ ਹੋ ਰਹੇ ਹਨ।
ਸ. ਸਦਰਪੁਰਾ ਨੇ ਕਿਹਾ ਕਿ ਪੰਜਾਬ ਦੇ ਡੇਅਰੀ ਕਿਸਾਨ, ਜਿਹੜੇ ਪਹਿਲਾਂ ਹੀ ਆਰਥਿਕ ਮਾਰ ਹੇਠ ਹਨ, ਉਨ੍ਹਾਂ ਨੂੰ ਗਊਆਂ ਨੂੰ ਲੱਗੀ ਲੰਪੀ ਸਕਿਨ ਬਿਮਾਰੀ ਦੀ ਮਾਰ ਨੇ ਹੋਰ ਵੀ ਨਪੀੜ ਦਿੱਤਾ ਹੈ। ਸ. ਸਦਰਪੁਰਾ ਨੇ ਦੱਸਿਆ ਕਿ ਪਸੂਆਂ, ਖਾਸਕਰ ਗਊਆਂ ਲਈ ਮਾਰ ਦਾ ਕਾਰਨ ਬਣੀ ਇਸ ਭਿਆਨਕ ਬਿਮਾਰੀ ਨੇ ਡੇਅਰੀ ਧੰਦੇ ਨਾਲ ਜੁੜੇੇ ਛੋਟੇ ਤੋਂ ਵੱਡੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਤੇ ਹੁਣ ਤੱਕ ਪੂਰੇ ਪੰਜਾਬ ਵਿਚ ਹਜ਼ਾਰਾਂ ਦਧਾਰੂ ਗਊਆਂ ਇਸ ਬਿਮਾਰੀ ਕਾਰਨ ਮਰ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਤਾਂ ਸਰਕਾਰ ਨੂੰ ਰਾਜ ਦੇ ਡੇਅਰੀ ਧੰਦੇ ਨੂੰ ਬਚਾਉਣ ਲਈ ਪਿਛਲੇ ਐਲਾਨ ਲਾਗੂ ਕਰਨ ਦੇ ਨਾਲ ਮਰੀਆਂ ਗਊਆਂ ਦਾ ਮੁਆਵਾਜਾ ਵੀ ਦੇਣਾ ਚਾਹੀਦਾ ਸੀ, ਪਰ ਅਫਸੋਸ ਸਰਕਾਰ ਡੇਅਰੀ ਕਿਸਾਨਾਂ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਹੈ।
ਸਦਰਪੁਰਾ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਆਪਣਾ ਸੁਨੇਹਾ ਸੰਬੰਧੀ ਮੰਤਰੀਆਂ ਤੇ ਮੁੱਖ ਮੰਤਰੀ ਤੱਕ ਪਹੁੰਚਾ ਚੁੱਕੇ ਹਨ, ਪਰ ਅੱਗੋਂ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਮਿਿਲਆਂ ਤੇ ਨਾ ਹੀ ਸਰਕਾਰ ਵਿੱਤ ਮੰਤਰੀ ਚੀਮਾ ਵਲੋਂ ਕਿਸਾਨਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ। ਸ. ਸਦਰਪੁਰਾ ਨੇ ਕਿਹਾ ਕਿ ਮਜ਼ਬੂਰਨ ਕਿਸਾਨਾਂ ਨੂੰ ਅੱਜ ਇਹ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਤੇ ਇਸ ਤੋਂ ਬਾਅਦ 16 ਨੂੰ ਮੁੜ ਮੀਡੀਆ ਦਾ ਰੁ-ਬਰੂ ਹੋ ਕੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸੇ ਦੌਰਾਨ ਡੇਅਰੀ ਕਿਸਾਨਾਂ ਨੇ ਦੁੱਧ ਖਪਤਕਾਰਾਂ ਨੂੰ ਇਹ ਵੀ ਸੁਚੇਤ ਕੀਤਾ ਕਿ ਇਸ ਬਿਮਾਰੀ ਦਾ ਦੁੱਧ ’ਤੇ ਕੋਈ ਅਸਰ ਨਹੀਂ ਹੈ, ਜਿਸ ਬਾਰੇ ਮਾਹਿਰ ਵੀ ਸਪੱਸਟ ਕਰ ਚੁੱਕੇ ਹਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਕੀਤਾ।
ਇਸ ਪ੍ਰੈਸ ਕਾਨਫਰੰਸ ਮੌਕੇ ਪੈਸ ਸਕੱਤਰ ਰੇਸ਼ਮ ਸਿੰਘ ਭੁੱਲਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਸੁਖਜਿੰਦਰ ਸਿੰਘ ਸੁਖਦੇਵ ਸਿੰਘ ਬਰੌਲੀ, ਪਰਮਿੰਦਰ ਸਿੰਘ ਘੁਡਾਣੀ, ਅਮਰਿੰਦਰ ਸਿੰਘ ਬੱਲ, ਸਿਕੰਦਰ ਰ ਸਿੰਘ ਪਟਿਆਲਾ, ਕੁਲਦੀਪ ਸਿੰਘ ਸੇਰੋਂ, ਬਲਵਿੰਦਰ ਸਿੰਘ ਮੁਕਤਸਰ, ਬਲਜਿੰਦਰ ਸਿੰਘ ਸਠਿਆਲਾ, ਮਨਜੀਤ ਸਿੰਘ ਮੋਹੀ, ਸੁਖਰਾਜ ਸਿੰਘ ਗੁੜੇ,ਸਤਿੰਦਰ ਸਿੰਘ, ਹਰਦੀਪ ਸਿੰਘ, ਕਰਮਜੀਤ ਸਿੰਘ, ਦਰਸ਼ਨ ਸਿੰਘ, ਗੁਰਭਕਸ਼ ਸਿੰਘ, ਅਵਤਾਰ ਸਿੰਘ ਥਾਪਲਾ, ਗੀਤਿੰਦਰ ਸਿੰਘ, ਸੁਖਦੀਪ ਸਿੰਘ , ਸੁਰਜੀਤ ਕੁਮਾਰ, ਆਦਿ ਹਾਜ਼ਰ ਸਨ।