21 ਸਾਲਾ ਨੌਜਵਾਨ ਦਾ ਜਨਮ ਦਿਨ ਹੀ ਬਣਿਆ ਉਸਦੀ ਜ਼ਿੰਦਗੀ ਦਾ ਆਖਰੀ ਦਿਨ
ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ, ਪੁਲਿਸ ਨੇ ਲਾਸ਼ ਨੂੰ ਟਿਕਾਣੇ ਲਗਾਉਣ ਦੀ ਨੀਅਤ ਨਾਲ ਕਾਰ ਤੇ ਘੁੰਮਦਾ ਦੋਸਤ ਅਤੇ ਨਸ਼ਾ ਵੇਚਣ ਵਾਲੀ ਔਰਤ ਕੀਤੀ ਗ੍ਰਿਫਤਾਰ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 10 ਅਗਸਤ 2022
ਪੰਜਾਬ ਪੁਲਿਸ ਨੇ ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ ਛੇੜੀ ਹੋਈ ਹੈ। ਲਗਾਤਾਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨਾਲ ਨਸ਼ੇ ਦੀ ਸਪਲਾਈ ਚੇਨ ਤੋੜਨ ਵਿੱਚ ਤਾਂ ਪੰਜਾਬ ਪੁਲਿਸ ਨੂੰ ਕੁਝ ਹੱਦ ਤੱਕ ਸਫਲਤਾ ਮਿਲਦੀ ਦਿਖਾਈ ਦੇ ਰਹੀ ਹੈ ਪਰ ਜ਼ਮੀਨੀ ਤੌਰ ਤੇ ਨਸ਼ੇ ਦੀ ਵਿਕਰੀ ਅਜੇ ਵੀ ਪੂਰੀ ਤਰ੍ਹਾਂ ਬੰਦ ਨਹੀਂ ਕਰਵਾ ਸਕੀ ਪੰਜਾਬ ਪੁਲਸ। ਇਸ ਦੇ ਸਬੂਤ ਦੇ ਤੌਰ ਤੇ ਪੰਜਾਬ ਵਿੱਚ ਲਗਾਤਾਰ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਨੂੰ ਵੇਖਿਆ ਜਾ ਸਕਦਾ ਹੈ। ਨਸ਼ੇ ਦੀ ਓਵਰਡੋਜ਼ ਦੇ ਰਾਖਸ਼ ਦਾ ਇਕ ਨਵਾਂ ਸ਼ਿਕਾਰ ਗੁਰਦਾਸਪੁਰ ਦਾ 21 ਸਾਲਾ ਨੌਜਵਾਨ ਹੋਇਆ ਹੈ।
ਹਰਸ ਨਾਂ ਦੇ ਇਸ ਨੌਜਵਾਨ ਦਾ ਜਨਮ ਦਿਨ ਹੀ ਉਸ ਦੀ ਮੌਤ ਦਾ ਦਿਨ ਬਣ ਕੇ ਆਇਆ। ਘਰੋਂ ਤਾਂ ਉਹ ਆਪਣੀ ਮਾਂ ਕੋਲੋਂ ਪੈਸੇ ਲੈ ਕੇ ਦੋਸਤਾਂ ਨਾਲ ਜਨਮ ਦਿਨ ਮਨਾਉਣ ਗਿਆ ਸੀ ਪਰ ਉਨ੍ਹਾਂ ਦੋਸਤਾਂ ਨਾਲ ਹੀ ਮਿਲ ਕੇ ਕੀਤੇ ਨਸ਼ੇ ਦੀ ਓਵਰਡੋਜ਼ ਨੇ ਉਸਦੀ ਜਾਨ ਲੈ ਲਈ। ਬਾਅਦ ਵਿਚ ਉਸ ਨੂੰ ਕਾਰ ਤੇ ਲੈ ਕੇ ਗਏ ਉਸ ਦੇ ਦੋਸਤ ਨੇ ਜਦੋਂ ਵੇਖੀਆ ਕਿ ਹਰਸ਼ ਦੀ ਮੌਤ ਹੋ ਗਈ ਹੈ ਤਾਂ ਉਸ ਦੀ ਲਾਸ਼ ਨੂੰ ਕਾਰ ਤੇ ਲੈ ਕੇ ਇਧਰ-ਉਧਰ ਫਿਰਦਾ ਰਿਹਾ ਕਿ ਮੌਕਾ ਵੇਖ ਕੇ ਲਾਸ਼ ਨੂੰ ਕਿਤੇ ਸੁੱਟ ਸਕੇ ਪਰ ਇੱਕ ਨਾਕੇ ਤੇ ਗੱਡੀ ਦੀ ਤਲਾਸ਼ੀ ਹੋਈ ਅਤੇ ਭੇਦ ਖੁੱਲ੍ਹ ਗਿਆ। ਪੁਲਿਸ ਨੇ ਉਸ ਦੇ ਦੋਸਤ ਅਤੇ ਇੱਕ ਹੋਰ ਔਰਤ ਜਿਸ ਕੋਲੋਂ ਦੱਸਿਆ ਜਾ ਰਿਹਾ ਹੈ ਇਨ੍ਹਾਂ ਨੇ ਨਸ਼ਾ ਖਰੀਦਿਆ ਸੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਸਿਟੀ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੁਹੱਲਾ ਨੰਗਲ ਕੋਟਲੀ ਦੇ ਰਹਿਣ ਵਾਲੇ ਮ੍ਰਿਤਕ ਨੌਜਵਾਨ ਹਰਸ਼ ਦੇ ਪਿਤਾ ਦਵਿੰਦਰ ਕੁਮਾਰ ਨੇ ਦੱਸਿਆ ਹੈ ਕਿ ਕੱਲ੍ਹ ਹਰਸ਼ ਦਾ ਜਨਮ ਦਿਨ ਸੀ। ਦੁਪਹਿਰ ਕਰੀਬ 2.30 ਵਜੇ ਹਰਸ਼ ਦੇ ਦੋਸਤ ਜਸਬੀਰ ਸਿੰਘ ਪੁੱਤਰ ਮੋਹਬਤ ਸਿੰਘ ਵਾਸੀ ਨੰਗਲ ਕੋਟਲੀ ਅਤੇ ਜਸਬੀਰ ਸਿੰਘ ਪ੍ਰੀਤ ਵਾਸੀ ਪਾਹੜਾ ਜਿਨਾਂ ਦੀ ਅਦਾਲਤ ਵਿੱਚ ਤਾਰੀਖ ਪੇਸੀ ਸੀ, ਨੂੰ ਮਿਲਣ ਗਿਆ ਸੀ। ਅਦਾਲਤ ਵਿੱਚ ਪੇਸ ਹੋਣ ਤੋਂ ਬਾਅਦ ਜੱਜ ਸਾਹਿਬ ਨੇ ਜਸਬੀਰ ਸਿੰਘ ਅਤੇ ਜਸਬੀਰ ਸਿੰਘੑ ਪ੍ਰੀਤ ਨੂੰ ਕੇਂਦਰੀ ਜੇਲ ਗੁਰਦਾਸਪੁਰ ਭੇਜ ਦਿੱਤਾ। ਜਸਬੀਰ ਸਿੰਘੑ ਪ੍ਰੀਤ ਕੋਲ ਇੱਕ ਵਰਨਾ ਕਾਰ ਹੈ ਜੋ ਹੁਣ ਇੰਨਾਂ ਦਾ ਦੋਸਤ ਈਸਰ ਕੁਮਾਰ ਚਲਾਉਦਾ ਹੈ। ਇਸ਼ਰ ਕੁਮਾਰ ਲੜਕੇ ਹਰਸ਼ ਨੂੰ ਕਾਰ ਵਿੱਚ ਬਿਠਾ ਕੇ ਪਿੰਡ ਗਾਧੀਆ ਲੈ ਗਿਆ ਜਿਥੇ ਦੋਸੀ ਨੇ ਪਰਮਿਲਾ ਦੇਵੀ ਨਮਕ ਔਰਤ ਪਾਸੋਂ ਹੈਰੋਇਨ ਖਰੀਦ ਕੀਤੀ ਅਤੇ ਇਸ ਹੈਰੋਇਨ ਦੀ ਡੋਜ ਹਰਸ਼ ਨੂੰ ਲਗਾ ਦਿੱਤੀ। ਉਵਰਡੋਜ ਹੋਣ ਕਰਕੇ ਹਰਸ਼ ਦੀ ਮੌਤ ਹੋ ਗਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਓਵਰਡੋਜ਼ ਨਸ਼ਾ ਲੈਣ ਤੋਂ ਬਾਅਦ ਜਦੋਂ ਹਰਸ਼ ਦੀ ਮੌਤ ਹੋ ਗਈ ਅਤੇ ਦੋਸ਼ੀ ਈਸ਼ਰ ਉਸਦੀ ਲਾਸ਼ ਨਾਲ ਕਾਰ ਵਿਚ ਇਧਰ-ਉਧਰ ਘੁੰਮ ਰਿਹਾ ਸੀ ਤਾਂ ਗਜ਼ਤ ਕਰਦੀ ਪੁਲਿਸ ਦੇ ਹੱਥੇ ਚੜ੍ਹ ਗਿਆ।
ਉਧਰ ਹਰਸ਼ ਦੇ ਪਿਤਾ ਦਵਿੰਦਰ ਨੇ ਦੱਸਿਆ ਹਰਸ਼ ਨੇ ਆਖਰੀ ਵਾਰ ਸ਼ਾਮ ਪੰਜ ਵਜੇ ਉਸ ਨੂੰ ਫੋਨ ਕੀਤਾ ਸੀ ਕਿ ਜਲਦੀ ਹੀ ਘਰ ਆ ਰਿਹਾ ਹੈ। ਉਸ ਤੋਂ ਬਾਅਦ ਰਾਤ ਇਕ ਵਜੇ ਦੇ ਕਰੀਬ ਉਸ ਨੂੰ ਪੁਲਸ ਕਰਮਚਾਰੀਆਂ ਦਾ ਫੋਨ ਆਇਆ ਕਿ ਜਲਦੀ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਣ। ਜਦੋਂ ਉਹ ਸਿਵਲ ਹਸਪਤਾਲ ਪਹੁੰਚੇ ਤਾਂ ਉੱਥੇ ਹਰਸ਼ ਦੀ ਲਾਸ਼ ਪਈ ਸੀ। ਇਸ ਬਾਬਤ ਥਾਣਾ ਸਿਟੀ ਗੁਰਦਾਸਪੁਰ ਵਿੱਚ ਧਾਰਾ 304 ਦੇ ਅੰਤਰਗਤ ਮ੍ਰਿਤਕ ਨੌਜਵਾਨ ਹਰਸ਼ ਦੇ ਦੋਸਤ ਈਸ਼ਰ ਕੁਮਾਰ ਅਤੇ ਉਹਨਾਂ ਨੂੰ ਨਸ਼ਾ ਦੇਣ ਵਾਲੀ ਔਰਤ ਪ੍ਰਮਿਲਾ ਦੇਵੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੋਹਾਂ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।