ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਕਰਜ਼ਿਆਂ ਬਾਰੇ ਦਿੱਤੀ ਜਾਣਕਾਰੀ
ਸਰਵਿਸ ਸੈਕਟਰ ਵਿੱਚ ਕੰਮ ਕਰਨ ਦੇ ਚਾਹਵਾਨ ਨੌਜਵਾਨਾਂ ਲਈ 20 ਲੱਖ ਤੱਕ ਦਾ ਕਰਜ਼ਾ ਸਸਤੇ ਰੇਟਾਂ ਤੇ ਸਬਸਿਡੀ ਸਹਿਤ ਉਪਲੱਬਧ
ਹਰੀਸ਼ ਕਾਲੜਾ
ਚਮਕੌਰ ਸਾਹਿਬ,09 ਅਗਸਤ 2022:ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਕੇ ਆਤਮ-ਨਿਰਭਰ ਬਣਾਉਣ ਲਈ ਬੀ.ਡੀ.ਪੀ.ਓ. ਦਫ਼ਤਰ ਚਮਕੌਰ ਸਾਹਿਬ ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਇਕ ਸਵੈ -ਰੋਜ਼ਗਾਰ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਉਦਯੋਗ ਵਿਭਾਗ ਦੇ ਨੁਮਾਇੰਦੇ ਸੀਨੀਅਰ ਇੰਡਸਟਰੀ ਪ੍ਰਮੋਸ਼ਨ ਅਫ਼ਸਰ ਸ਼੍ਰੀ ਰਵਿੰਦਰ ਕੁਮਾਰ ਯਾਦਵ ਵੱਲੋਂ ਨੌਜਵਾਨਾ ਨੂੰ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਤਹਿਤ ਸਵੈ ਰੋਜ਼ਗਾਰ ਸ਼ੁਰੂ ਕਰਨ ਸਬੰਧੀ ਕਰਜ਼ਿਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕੋਈ ਵੀ ਬੇਰੋਜ਼ਗਾਰ ਨੌਜਵਾਨ ਆਪਣਾ ਕੰਮ ਸ਼ੁਰੂ ਕਰਨ ਲਈ ਕਰਜ਼ਾ ਸਹੂਲਤ ਦਾ ਲਾਭ ਲੈ ਸਕਦਾ ਹੈ। ਜੇਕਰ ਕੋਈ ਨੌਜਵਾਨ ਸਰਵਿਸ ਸੈਕਟਰ ਵਿੱਚ ਕੰਮ ਕਰਨ ਦਾ ਚਾਹਵਾਨ ਹੈ ਤਾਂ ਉਸ ਨੂੰ 20 ਲੱਖ ਦਾ ਕਰਜ਼ਾ ਸਸਤੇ ਰੇਟਾਂ ਤੇ ਸਬਸਿਡੀ ਸਹਿਤ ਲੈ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਨੌਜਵਾਨ ਆਪਣਾ ਉਦਯੋਗ ਸਥਾਪਿਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 50 ਲੱਖ ਤੱਕ ਦਾ ਕਰਜ਼ਾ ਸਸਤੇ ਰੇਟਾਂ ਤੇ ਸਬਸਿਡੀ ਸਹਿਤ ਮਿਲ ਸਕਦਾ ਹੈ।
ਉਨ੍ਹਾਂ ਵੱਲੋਂ ਕੈਂਪ ਵਿੱਚ ਸ਼ਾਮਿਲ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਵੈ ਰੋਜ਼ਗਾਰ ਸਕੀਮਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਬਿਊਰੋ, ਰੂਪਨਗਰ ਵਿੱਚ ਮੁਹੱਈਆ ਰਜਿਸਟ੍ਰੇਸ਼ਨ, ਗਾਈਡੈਂਸ, ਰੋਜ਼ਗਾਰ ਕੈਪਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਅਪੀਲ ਕੀਤੀ ਕਿ ਨੌਜਵਾਨਾ ਨੂੰ ਕਿਸੇ ਵੀ ਤਰ੍ਹਾਂ ਦੀ ਰੋਜ਼ਗਾਰ ਸਹਾਇਤਾ ਲਈ ਰੋਜ਼ਗਾਰ ਬਿਊਰੋ ਰੂਪਨਗਰ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ, ਬੀ.ਐਲ.ਈ.ਓ ਸ. ਮਨਪ੍ਰੀਤ ਸਿੰਘ ਅਤੇ ਪਲੇਸਮੈਂਟ ਅਫ਼ਸਰ ਸ਼੍ਰੀਮਤੀ ਮੀਨਾਕਸ਼ੀ ਬੇਦੀ ਵੀ ਹਾਜ਼ਰ ਸਨ।