ਵਿਆਹ ਪੁਰਬ ਦੀਆਂ ਤਿਆਰੀਆਂ,ਲੋਕ ਨਿਰਮਾਣ ਵਿਭਾਗ ਨੇ ਕਾਦੀਆਂ ਰੋਡ ਦੀ ਮੁਰੰਮਤ ਸ਼ੁਰੂ ਕੀਤੀ
15 ਅਗਸਤ ਤੋਂ ਪਹਿਲਾਂ ਕਾਦੀਆਂ ਰੋਡ ਨੂੰ ਕੀਤਾ ਜਾਵੇਗਾ ਮੋਟਰੇਬਲ
ਰੋਹਿਤ ਗੁਪਤਾ
ਗੁਰਦਾਸਪੁਰ 09 ਅਗਸਤ 2022: ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਤਹਿਤ ਲੋਕ ਨਿਰਮਾਣ ਵਿਭਾਗ ਵੱਲੋਂ ਅੱਜ ਕਾਦੀਆਂ ਰੋਡ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਅੱਜ ਕਾਦੀਆਂ ਰੋਡ ’ਤੇ ਜਿਸ ਪਾਸੇ ਸੀਵਰੇਜ ਪਿਆ ਹੈ ਓਥੇ ਲੋਕ ਨਿਰਮਾਣ ਵਿਭਾਗ ਵੱਲੋਂ ਪੱਥਰ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ 15 ਅਗਸਤ ਤੋਂ ਪਹਿਲਾਂ ਸਾਰੇ ਰੋਡ ’ਤੇ ਪੱਥਰ ਪਾ ਕੇ ਅਤੇ ਰੋਲਰ ਫੇਰ ਕੇ ਇਸ ਰੋਡ ਨੂੰ ਮੋਟਰਏਬਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਰਸ਼ਾਂ ਦਾ ਮੌਸਮ ਹੋਣ ਕਾਰਨ ਅਜੇ ਇਸ ਰੋਡ ’ਤੇ ਪਰੀਮਿਕਸ ਤਾਂ ਨਹੀਂ ਪੈ ਸਕੇਗਾ ਪਰ ਵਿਆਹ ਪੁਰਬ ਤੋਂ ਪਹਿਲਾਂ ਨੂੰ ਇਸ ਸੜਕ ਨੂੰ ਚੰਗੀ ਹਾਲਤ ਵਿੱਚ ਕਰਕੇ ਸੰਗਤਾਂ ਦੇ ਲੰਘਣਯੋਗ ਬਣਾ ਦਿੱਤਾ ਜਾਵੇਗਾ।
ਐੱਸ.ਡੀ.ਐੱਮ. ਸ਼ਾਇਰੀ ਭੰਡਾਰੀ ਨੇ ਕਿਹਾ ਕਿ ਵਿਆਹ ਪੁਰਬ ਦੀਆਂ ਤਿਆਰੀਆਂ ਵਿੱਚ ਹਰ ਵਿਭਾਗ ਪੂਰੀ ਤਨਦੇਹੀ ਨਾਲ ਲੱਗਾ ਹੋਇਆ ਹੈ ਅਤੇ ਉਹ ਸ਼ਹਿਰ ਵਾਸੀਆਂ ਸਮੇਤ ਸਮੁੱਚੀ ਸੰਗਤ ਨੂੰ ਭਰੋਸਾ ਦਿੰਦੇ ਹਨ ਕਿ ਸਮਾਂ ਰਹਿੰਦਿਆਂ ਸਾਰੀਆਂ ਤਿਆਰੀਆਂ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨਿੱਜੀ ਤੌਰ ’ਤੇ ਵਿਆਹ ਪੁਰਬ ਦੀਆਂ ਤਿਆਰੀਆਂ ਦੀ ਨਿਗਰਾਨੀ ਕਰ ਰਹੇ ਹਨ।