ਖੇਤੀਬਾੜੀ ਵਿਭਾਗ ਨੇ ਝੋਨੇ ਦੀ ਸਿੱਧੀ ਬਿਜਾਈ ਅਤੇ ਨਵੀਂ ਖੇਤੀ ਮਸ਼ੀਨਰੀ ਸਬੰਧੀ ਲਗਾਇਆ ਕਿਸਾਨ ਜਾਗਰੂਕਤਾ ਕੈਂਪ
ਜੀ ਐਸ ਪੰਨੂ
ਪਟਿਆਲਾ, 29 ਜੂਨ,2022 - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਪਾਣੀ ਬਚਾਓ ਮੁਹਿੰਮ ਤਹਿਤ ਪਿੰਡ ਬੋਸਰ ਕਲਾਂ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ 'ਤੇ ਖੇਤੀਬਾੜੀ ਮਾਹਰਾਂ ਨੇ ਮੌਜੂਦ ਕਿਸਾਨਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਦੱਸਿਆਂ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਅਪਣਾ ਕੇ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ਨਾਲ ਹੀ ਲੇਬਰ ਅਤੇ ਸਮੇਂ ਦੀ ਬੱਚਤ ਵੀ ਹੁੰਦੀ ਹੈ।
ਖੇਤੀਬਾੜੀ ਵਿਕਾਸ ਅਫ਼ਸਰ ਬਲਾਕ ਭੁਨਰਹੇੜੀ ਵਿਮਲਪ੍ਰੀਤ ਸਿੰਘ ਨੇ ਮੌਜੂਦ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਖੇਤੀਬਾੜੀ ਵਿਕਾਸ ਅਫ਼ਸਰ ਗੁਰਮੀਤ ਸਿੰਘ ਨੇ ਝੋਨੇ ਦੀ ਫ਼ਸਲ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕੱਦੂ ਕਰਕੇ ਝੋਨਾ ਲਗਾਉਣ ਨਾਲ ਜਿਥੇ ਜ਼ਮੀਨ ਦੀ ਪਾਣੀ ਜਜ਼ਬ ਕਰਨ ਦੀ ਸਮਰੱਥਾ ਖਤਮ ਹੁੰਦੀ ਹੈ, ਉੱਥੇ ਹੀ ਅਗਲੀ ਫ਼ਸਲ ਕਣਕ ਵੀ ਪ੍ਰਭਾਵਿਤ ਹੁੰਦੀ ਹੈ।
ਖੇਤੀਬਾੜੀ ਵਿਸਥਾਰ ਅਫ਼ਸਰ ਰਜਿੰਦਰ ਸਿੰਘ ਤੇ ਹਰਮਨ ਜੀਤ ਸਿੰਘ, ਅਮਰਨਾਥ ਖੇਤੀਬਾੜੀ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਸ ਵਿਧੀ ਵਿੱਚ ਖੇਤਾਂ ਵਿੱਚ ਪਾਣੀ ਖੜ੍ਹਾ ਰੱਖਣ ਦੀ ਲੋੜ ਨਹੀਂ ਸਗੋਂ ਖੇਤ ਨੂੰ ਸਿਰਫ਼ ਸਿਲਾਂ ਹੀ ਰੱਖਣਾ ਹੈ, ਜਿਸ ਨਾਲ ਪਾਣੀ ਦੀ ਕਾਫ਼ੀ ਬੱਚਤ ਹੁੰਦੀ ਹੈ।
ਖੇਤੀਬਾੜੀ ਇੰਜੀਨੀਅਰ ਕੁਲਦੀਪ ਸਿੰਘ ਅਤੇ ਟੀ.ਟੀ.ਸੀ ਇੰਸਟੀਚਿਊਟ, ਹਿਸਾਰ ਤੋਂ ਆਈ ਟੀਮ ਨਰੇਸ਼ ਦੱਤ ਸ਼ਰਮਾ ਟੈਕਨੀਕਲ ਅਸਿਸਟੈਂਟ, ਕ੍ਰਿਸ਼ਨ ਕੁਮਾਰ ਟੈਕਨੀਸ਼ੀਅਨ ਅਤੇ ਖਜਾਨ ਸਿੰਘ ਵੱਲੋਂ ਹਾਜ਼ਰ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਮਸ਼ੀਨਰੀ ਜਿਵੇਂ ਕਿ ਫਰਟੀਲਾਈਜ਼ਰ ਸਪਰੈਡਰ, ਹੈਂਡ ਵੀਡਰ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇੰਸਟੀਚਿਊਟ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਟ੍ਰੇਨਿੰਗਾ ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਇਆ ਅਤੇ ਮਸ਼ੀਨਰੀ ਦੇ ਲਾਈਵ ਪ੍ਰਦਰਸ਼ਨੀਆਂ ਵੀ ਦਿਖਾਈਆਂ ਗਈਆਂ। ਇਸ ਸਮੇਂ ਨੇਹਾ ਕਥੂਰੀਆ ਬੀ.ਟੀ.ਐਮ, ਭੁੱਨਰਹੇੜੀ ਅਤੇ ਵਿਸ਼ਾਲੀ ਰਾਣੀ ਏ.ਟੀ.ਐਮ ਨੇ ਆਤਮਾ ਸਕੀਮ ਤਹਿਤ ਕਿਸਾਨ ਹਿਤੂ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਪਿੰਡ ਬੋਸਰ ਕਲਾਂ ਦੇ ਅਗਾਂਹਵਧੂ ਕਿਸਾਨ ਗੁਰਬੀਰ ਸਿੰਘ, ਰਾਜਵਿੰਦਰ ਸਿੰਘ, ਗੁਰਧਿਆਨ ਸਿੰਘ, ਲਾਭ ਸਿੰਘ, ਸਤਨਾਮ ਸਿੰਘ, ਪਰਮਿੰਦਰ ਸਿੰਘ, ਗੁਰਸੰਤ ਸਿੰਘ ਵੀ ਹਾਜ਼ਰ ਸਨ।