ਨੌਵੇਂ ਪਾਤਸ਼ਾਹ ਦੇ ਆਗਮਨ ਦਿਹਾੜੇ ਮੌਕੇ ਸਿੱਖ ਪੰਥਕ ਰਵਾਇਤਾਂ ਨਾਲ ਸਜਾਇਆ ਨਗਰ ਕੀਰਤਨ
- ਫੁੱਲਾਂ ਨਾਲ ਸਜਾਈ ਪਾਲਕੀ ’ਚ ਚਲਿਆ ਕੀਰਤਨ ਪ੍ਰਵਾਹ, ਗੱਤਕਾ ਪਾਰਟੀਆਂ ਨੇ ਵਿਖਾਏ ਜੌਹਰ, ਝਾੜੂ ਬਰਦਾਰ ਬਣੀਆਂ ਸੰਗਤਾਂ
ਜਗਤਾਰ ਸਿੰਘ
ਬਹਾਦਰਗੜ੍ਹ/ਪਟਿਆਲਾ 29 ਜੂਨ 2022 - ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਦਿਹਾੜੇ ਮੌਕੇ ਪਾਤਸ਼ਾਹੀ ਨੌਵੀਂ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ’ਚ ਸਿੱਖ ਪੰਥਕ ਰਵਾਇਤਾਂ ਅਤੇ ਜਾਹੋ-ਜਲਾਲ ਨਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ ਵੱਲੋਂ ਕੀਤੀ ਗਈ ਅਰਦਾਸ ਨਾਲ ਹੋਈ।
ਇਸ ਮੌਕੇ ਉਚੇਚੇ ਤੌਰ ’ਤੇ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਪੁੱਜੇ ਹੋਏ ਸਨ, ਜਿਨ੍ਹਾਂ ਨੇ ਅਦਬ ਅਤੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ’ਚ ਸੁਸ਼ੋਭਿਤ ਕੀਤਾ। ਨਗਰ ਕੀਰਤਨ ਦੀ ਆਰੰਭਤਾ ਦੌਰਾਨ ਉਚੇਚੇ ਤੌਰ ’ਤੇ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀ. ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਪੁੱਜੇ ਹੋਏ ਸਨ।
ਨਗਰ ਕੀਰਤਨ ਦੌਰਾਨ ਫੁੱਲਾਂ ਨਾਲ ਸਜੀ ਪਾਲਕੀ ’ਚ ਕੀਰਤਨੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਪ੍ਰਵਾਹ ਚਲਾਇਆ ਗਿਆ, ਸੰਗਤਾਂ ਬਾਣੀ ਦਾ ਸਿਮਰਨ ਕਰਦੀਆਂ ਨਾਲ ਚੱਲ ਰਹੀਆਂ ਸਨ। ਇਸ ਮੌਕੇ ਸੰਗਤਾਂ ਪਾਲਕੀ ਸਾਹਿਬ ਦੇ ਅੱਗੇ ਝਾੜੂ ਬਰਦਾਰ ਬਣਕੇ ਸੇਵਾ ਕਰਦੀਆਂ ਨਜ਼ਰ ਆਈਆਂ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸੰਗਤਾਂ ਵੱਲੋਂ ਵੱਡਾ ਉਤਸ਼ਾਹ ਭਰਿਆ ਗਿਆ। ਇਸ ਦੌਰਾਨ ਗੱਤਕਾ ਖਿਡਾਰੀਆਂ ਨੇ ਗੱਤਕੇ ਦੇ ਜੌਹਰ ਵਿਖਾਏ ਅਤੇ ਨਗਰ ਕੀਰਤਨ ’ਚ ਇਲਾਕੇ ਦੀਆਂ ਸੰਗਤਾਂ ਟਰੈਕਟਰਾਂ, ਕਾਰਾਂ ਅਤੇ ਮੋਟਰ ਸਾਇਕਲਾਂ ਦੇ ਕਾਫਲੇ ਬਣਾਕੇ ਪੁੱਜੀਆਂ ਸਨ, ਜੋ ਖਿੱਚ ਦਾ ਕੇਂਦਰ ਰਹੀਆਂ।
ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਨੌਵੇਂ ਪਾਤਸ਼ਾਹ ਦੇ ਆਗਮਨ ਦਿਹਾੜੇ ਦੀ ਵਧਾਈ ਦਿੱਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਗੁਰੂ ਸਾਹਿਬ ਦੀ ਬਾਣੀ ਨੂੰ ਆਪਣੇ ਹਿਰਦਿਆਂ ’ਚ ਵਸਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸ਼ਬਦ ਗੁਰੂ ਨੂੰ ਆਪਣੇ ਜੀਵਨ ਦਾ ਅਹਿਮ ਅੰਗ ਬਣਾ ਕੇ ਗੁਰੂ ਆਸ਼ੇ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ ਜਾਵੇ। ਸੰਗਤਾਂ ਨੂੰ ਆਗਮਨ ਪੁਰਬ ਦੀ ਵਧਾਈ ਦਿੰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦਿੱਲੀ ਜਾ ਕੇ ਸ਼ਹੀਦੀ ਪਾਉਣ ਤੋਂ ਪਹਿਲਾਂ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਚੱਲ ਕੇ ਇਸ ਪਾਵਨ ਅਸਥਾਨ ’ਤੇ ਠਹਿਰੇ ਸਨ ਅਤੇ ਸੰਗਤਾਂ ਨੂੰ ਬਾਣੀ ਨਾਲ ਜੁੜਨ ਦਾ ਮਹਾਨ ਉਪਰਾਲਾ ਕੀਤਾ ਸੀ ਅਤੇ ਇਸ ਮਹਾਨ ਦਿਹਾੜੇ ’ਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਅਤੇ ਬਾਣੀ ਉਦੇਸ਼ ’ਤੇ ਚੱਲਣਾ ਸੰਗਤ ਦਾ ਅਹਿਮ ਕਰਤੱਵ ਹੈ। ਨਗਰ ਕੀਰਤਨ ਦੌਰਾਨ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਪੁੱਜੀਆਂ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਗੁਰਲਾਲ ਸਿੰਘ, ਮੈਨੇਜਰ ਨੱਥਾ ਸਿੰਘ, ਬਾਬਾ ਸੋਹਣ ਸਿੰਘ ਕਾਰ ਸੇਵਾ ਵਾਲੇ, ਬਾਬਾ ਭੁਪਿੰਦਰ ਸਿੰਘ, ਸਿਮਰਨਜੀਤ ਸਿੰਘ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ ਸਿਆਸੀ ਸਲਾਹਕਾਰ, ਗੁਰਦੀਪ ਸਿੰਘ ਸ਼ੇਖੂਪੁਰਾ, ਕੁਲਦੀਪ ਸਿੰਘ ਹਰਪਾਲਪੁਰ, ਪਲਵਿੰਦਰ ਸਿੰਘ ਰਿੰਕੂ, ਸਾਬਕਾ ਹੈਡ ਗ੍ਰੰਥੀ ਸੁਖਦੇਵ ਸਿੰਘ, ਤਰਲੋਕ ਸਿੰਘ ਤੋਰਾ, ਬਲਵਿੰਦਰ ਸਿੰਘ ਦੌਣ ਕਲਾਂ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ ਅਤੇ ਸਮੁੱਚਾ ਸਟਾਫ ਅਤੇ ਇਲਾਕੇ ਦੀਆਂ ਸੰਗਤਾਂ ਆਦਿ ਸ਼ਾਮਲ ਸਨ।