ਡਿਪਟੀ ਕਮਿਸ਼ਨਰ ਵੱਲੋਂ ਮਿਲਾਵਟਖੋਰੀ ਵਿਰੁੱਧ ਸਖ਼ਤੀ ਨਾਲ ਨਜਿੱਠਣ ਦੇ ਨਿਰਦੇਸ਼
- ਐੱਸ ਡੀ ਐਮ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਤੜਕਸਾਰ ਦੁੱਧ ਪਦਾਰਥਾਂ ਦੀ ਸੈਂਪਲਿੰਗ
- ਖੁਰਾਕੀ ਵਸਤਾਂ ਦੇ ਸੈਂਪਲ ਜਾਂਚ ਲਈ ਸਟੇਟ ਫੂਡ ਲੈਬ ਵਿੱਚ ਭੇਜੇ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 19 ਮਈ, 2022: ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮੂਹ ਸਬ ਡਵੀਜ਼ਨਾਂ ਅੰਦਰ ਖੁਰਾਕੀ ਵਸਤਾਂ ਵਿੱਚ ਮਿਲਾਵਟਖੋਰੀ ਵਿਰੁੱਧ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਅੱਜ ਐਸ ਡੀ ਐਮ ਚਰਨਜੋਤ ਸਿੰਘ ਵਾਲੀਆ ਦੀ ਅਗਵਾਈ ਹੇਠਲੀ ਸਿਹਤ ਵਿਭਾਗ ਦੀ ਟੀਮ ਨੇ ਸੰਗਰੂਰ ਸ਼ਹਿਰ ਵਿਚ ਵੱਖ ਵੱਖ ਦੁਕਾਨਾਂ ਉਤੇ ਛਾਪਾਮਾਰੀ ਕਰਕੇ ਦੁੱਧ ਤੋਂ ਤਿਆਰ ਵਸਤਾਂ ਦੇ ਨਮੂਨੇ ਭਰੇ ਅਤੇ ਇਨ੍ਹਾਂ ਨਮੂਨਿਆਂ ਨੂੰ ਜਾਂਚ ਲਈ ਸਟੇਟ ਫੂਡ ਲੈਬ ਵਿੱਚ ਭੇਜਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ।
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਮਿਲਾਵਟਖੋਰੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਕਿਸੇ ਨੂੰ ਵੀ ਮਿਲਾਵਟੀ ਭੋਜਨ ਪਦਾਰਥ ਵੇਚ ਕੇ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪ੍ਰਸ਼ਾਸਨ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਭੋਜਨ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸਮੇਂ-ਸਮੇਂ ਉਤੇ ਅਜਿਹੀਆਂ ਕਾਰਵਾਈਆਂ ਅਮਲ ਵਿੱਚ ਲਿਆਉਣ ਲਈ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ।