ਬਾਬਾ ਸਾਹਿਬ ਡਾ. ਅੰਬੇਦਕਰ ਦਾ ਬੁੱਤ ਸੁਚੱਜੀ ਜਗ੍ਹਾ ਲਗਾਇਆ ਜਾਵੇ- ਡੌਲਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 25 ਸਤੰਬਰ 2021 - ਬਹੁਜਨ ਸਮਾਜ ਪਾਰਟੀ ਦੇ ਹਲਕਾ ਖਡੂਰ ਸਾਹਿਬ ਦੇ ਜ਼ੋਨਲ ਇੰਚਾਰਜ ਤਰਸੇਮ ਸਿੰਘ ਡੌਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਗਵਾਨ ਬਾਲਮੀਕ ਚੌਕ ਸੁਲਤਾਨਪੁਰ ਲੋਧੀ ਵਿਖੇ ਬਾਬਾ ਸਾਹਿਬ ਡਾ.ਅੰਬੇਦਕਰ ਦਾ ਆਦਮ ਕੱਦ ਬੁੱਤ ਕਰੀਬ 5 ਮਹੀਨੇ ਹਲਕਾ ਵਿਧਾਇਕ ਦੀ ਅਗਵਾਈ ਹੇਠ ਪਹਿਲਾਂ ਲਗਾਇਆ ਗਿਆ ਸੀ ਜਿਸ ਦੀ ਕਿ ਇਕ ਉਂਗਲੀ ਉੱਪਰ ਵੱਲ ਸੀ ਜੋ ਕਿ ਬਾਬਾ ਸਾਹਿਬ ਦਾ ਅਪਮਾਨ ਹੈ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਉਸ ਬੁੱਤ ਨੂੰ ਢੱਕ ਦਿੱਤਾ ਗਿਆ ਪ੍ਰੰਤੂ 5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਬੁੱਤ ਠੀਕ ਕਰਵਾਇਆ ਗਿਆ ਅਤੇ ਨਾ ਹੀ ਇਸ ਨੂੰ ਸਥਾਨਕ ਤਲਵੰਡੀ ਚੌਕ ਵਿਖੇ ਸਥਾਪਤ ਕੀਤਾ ਗਿਆ ਜਿਸ ਨਾਲ ਇਸਦੀ ਬੇਕਦਰੀ ਹੋ ਰਹੀ ਹੈ ਅਤੇ ਜਿਸ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਰੋਹ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਉਂਗਲ ਤਾਂ ਹਮੇਸ਼ਾ ਸੰਸਦ ਜਾਂ ਵਿਧਾਨ ਸਭਾ ਵੱਲ ਹੁੰਦੀ ਸੀ ਪਰ ਇਸ ਬੁੱਤ ਦੇ ਵਿਚ ਉਨ੍ਹਾਂ ਦੀ ਉਂਗਲ ਅਸਮਾਨ ਵੱਲ ਕਰਕੇ ਉਨ੍ਹਾਂ ਦਾ ਨਿਰਾਦਰ ਕੀਤਾ ਗਿਆ ਹੈ।
ਡੋਲਾ ਨੇ ਦੋਸ਼ ਲਾਇਆ ਕਿ ਜਦੋਂ ਬਾਬਾ ਸਾਹਿਬ ਜਿਊਂਦੇ ਸਨ ਤਾਂ ਉਸ ਵੇਲੇ ਵੀ ਕਾਂਗਰਸੀਆਂ ਵੱਲੋਂ ਉਨ੍ਹਾਂ ਦਾ ਅਪਮਾਨ ਕੀਤਾ ਜਾਂਦਾ ਸੀ ਪਰ ਅੱਜ ਸਥਾਨਕ ਪੁਲਿਸ-ਪ੍ਰਸ਼ਾਸਨ ਵਲੋਂ ਇੱਥੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਜਾ ਰਿਹਾ ਹੈ। ਡੋੌਲਾ ਨੇ ਇਹ ਵੀ ਕਿਹਾ ਕਿ ਬਾਬਾ ਸਾਹਿਬ ਦਾ ਅਪਮਾਨ ਕਰਨ ਦੇ ਦੋਸ਼ ਵਜੋਂ ਹਲਕਾ ਵਿਧਾਇਕ, ਪੁਲਿਸ ਅਤੇ ਪ੍ਰਸ਼ਾਸਨ ਮੁਆਫੀ ਵੀ ਮੰਗਣ। ਇਸ ਸੰਬੰਧ ਵਿਚ ਐਸਡੀਐਮ ਸੁਲਤਾਨਪੁਰ ਲੋਧੀ ਰਣਜੀਤ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਸਾਰਿਆਂ ਦੀ ਸਹਿਮਤੀ ਨਾਲ ਹੀ ਬੁੱਤ ਬਣਦੀ ਢੁੱਕਵੀਂ ਥਾਂ ਤੇ ਲਗਾਇਆ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਨਾ ਹੀ ਟ੍ਰੈਫਿਕ ਪ੍ਰਭਾਵਿਤ ਹੋਵੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜੈਪੁਰ ਵਿਖੇ, ਜਿਥੋਂ ਇਹ ਬੁੱਤ ਬਣਾਇਆ ਗਿਆ ਸੀ, ਉਨ੍ਹਾਂ ਨਾਲ ਗੱਲ ਕੀਤੀ ਗਈ ਹੈ ਬੁੱਤ ਜਲਦੀ ਠੀਕ ਕਰਵਾ ਕੇ ਆਉਣ ਵਾਲੇ 15-20 ਦਿਨਾਂ ਦੇ ਵਿੱਚ ਲਗਾ ਦਿੱਤਾ ਜਾਵੇਗਾ।