ਕਾਰਪੋਰੇਟ ਵਿਕਾਸ ਮਾਡਲ ਦੀ ਥਾਂ ਕੁਦਰਤੀ ਤੇ ਮਨੁੱਖ ਪੱਖੀ ਵਿਕਾਸ ਮਾਡਲ ਦੀ ਜ਼ਰੂਰਤ: ਡਾ: ਗਿਆਨ ਸਿੰਘ
ਜੀ ਐਸ ਪੰਨੂ
- ਸਿਆਸੀ ਪਾਰਟੀਆਂ ਕਾਰਪੋਰੇਟ ਮਾਡਲ ਦੇ ਅਜੰਡੇ ਦੀ ਥਾਂ ਪੰਜਾਬ ਦੇ ਮਸਲਿਆਂ ਦਾ ਅਜੰਡਾ ਕਰਨ ਪੇਸ਼ :ਗਿਆਨੀ ਕੇਵਲ ਸਿੰਘ
ਪਟਿਆਲਾ, 25 ਸਤੰਬਰ 2021 - ਪਿੰਡ ਬਚਾਓ ਪੰਜਾਬ ਬਚਾਓ ਵੱਲੋਂ ਤਰਕਸ਼ੀਲ ਭਵਨ ਪਟਿਆਲਾ ਵਿਖੇ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਅੰਦੋਲਨ ਦੀ ਭੂਮਿਕਾ ਵਿਸ਼ੇ ਤੇ ਵਿਚਾਰ ਚਰਚਾ ਕੀਤੀ ਗਈ। ਵਿਚਾਰ ਚਰਚਾ ਨੂੰ ਸੰਬੋਧਨ ਕਰਦਿਆਂ ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਕਿਸਾਨ ਅੰਦੋਲਨ ਤਿੰਨ ਖੇਤੀ ਕਾਲੇ ਕਾਨੂੰਨਾਂ ਖਿਲਾਫ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਲੜਿਆ ਜਾ ਰਿਹਾ ਹੈ ਜੋ ਮੋਦੀ ਸਰਕਾਰ ਦੀਆਂ ਕਾਰਪੋਰੇਟ ਨੀਤੀਆਂ ਦੇ ਖਿਲਾਫ ਹੈ ਤੇ ਕਿਸਾਨੀ ਤੇ ਪੰਜਾਬ ਦੀ ਹੋਂਦ ਦੀ ਲੜਾਈ ਨੂੰ ਲੜ ਰਿਹਾ ਹੈ।
ਇਸ ਅੰਦੋਲਨ ਦੇ ਸਿਆਸੀ ਨਜਰੀਏ ਤੋਂ ਜਮਹੂਰੀਅਤ ਦੇ ਨਵੇਂ ਕਦਮ ਵੀ ਰਾਜਨੀਤਕ ਪਾਰਟੀਆਂ ਤੇ ਆਮ ਲੋਕਾਂ ਸਾਹਮਣੇ ਪੇਸ਼ ਕੀਤੇ ਹਨ। ਇਸ ਲਈ ਕਿਸਾਨ ਅੰਦੋਲਨ ਨੂੰ ਪੰਜਾਬ ਅੰਦਰ ਆ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਵੀ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਿਆਸੀ ਪਾਰਟੀਆਂ ਵੱਲੋਂ ਪੇਸ਼ ਕੀਤੇ ਜਾ ਰਹੇ ਕਾਰਪੋਰੇਟ ਮਾਡਲ ਦੇ ਅਜੰਡੇ ਦੀ ਥਾਂ ਪੰਜਾਬ ਦੇ ਮਸਲਿਆਂ ਦਾ ਅਜੰਡਾ ਪੇਸ਼ ਕੀਤਾ ਜਾ ਸਕੇ। ਡਾ. ਗਿਆਨ ਸਿੰਘ ਨੇ ਕਿਹਾ ਕਿ ਕਾਰਪੋਰੇਟ ਵਿਕਾਸ ਮਾਡਲ ਦੀ ਥਾਂ ਕੁਦਰਤ ਤੇ ਮਨੁੱਖ ਪੱਖੀ ਵਿਕਾਸ ਮਾਡਲ ਦੀ ਜਰੂਰਤ ਹੈ ਕਿਉਂਕਿ ਕਾਰਪੋਰੇਟ ਮਾਡਲ ਸਿਰਫ ਆਪਣਾ ਵੱਧ ਤੋਂ ਵੱਧ ਮੁਨਾਫਾ ਕਮਾਉਣ ਵੱਲ ਹੀ ਧਿਆਨ ਕੇਂਦਰਤ ਕਰਦਾ ਹੈ।
ਹਮੀਰ ਸਿੰਘ ਸੀਨੀਅਰ ਪੱਤਰਕਾਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਆਸੀ ਪਾਰਟੀਆਂ ਨੂੰ ਸਵਾਲ ਕਰਨਾ ਚਾਹੀਦਾ ਹੈ ਕਿ ਕੀ ਉਹਨਾਂ ਕੋਲ ਕਾਰਪੋਰੇਟ ਵਿਕਾਸ ਮਾਡਲ ਦੇ ਅਜੰਡੇ ਤੋਂ ਬਿਨਾਂ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਕੋਈ ਬਦਲਵਾਂ ਅਜੰਡਾ ਹੈ ਕਿਉਂਕਿ ਪੰਜਾਬ ਦੀ ਸਿੱਖਿਆ, ਸਿਹਤ, ਵਾਤਾਵਰਣ, ਪਾਣੀ, ਰੁਜਗਾਰ, ਸੰਘੀ ਢਾਂਚਾ, ਲੋਕ ਸਸ਼ਕਤੀਕਰਨ, ਕਿਸਾਨਾਂ ਤੇ ਮਜਦੂਰਾਂ ਦੇ ਵੱਡੇ ਅਜੰਡੇ ਹਨ ਅਤੇ ਪੰਜਾਬ ਵਿਚੋਂ ਲਗਾਤਾਰ ਪੰਜਾਬ ਦੀ ਜਵਾਨੀ ਤੇ ਪੈਸਾ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ ਹੈ। ਇਸ ਲਈ ਪਿੰਡਾਂ ਤੇ ਪੰਜਾਬ ਨੂੰ ਬਚਾਉਣ ਦੀ ਜਰੂਰਤ ਹੈ।
ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਦੀ ਹੱਥ ਖੜੇ ਕਰਕੇ ਮਤੇ ਦੀ ਸਹਿਮਤੀ ਦਿੰਦਿਆਂ ਆਪੋ ਆਪਣੇ ਇਲਾਕੇ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਅਹਿਦ ਲਿਆ। ਚਰਚਾ ਅੰਦਰ ਹੋਰਨਾਂ ਤੋਂ ਇਲਾਵਾ ਆਈ.ਡੀ.ਪੀ. ਦੇ ਕੋਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਡਾ. ਖੁਸ਼ਹਾਲ ਸਿੰਘ, ਪੋ੍ਰ: ਬਾਵਾ ਸਿੰਘ, ਪ੍ਰੀਤਮਹਿੰਦਰ ਸਿੰਘ ਸੇਖੋਂ, ਡਾ. ਲਕਸ਼ਮੀ ਨਰਾਇਣ ਭੀਖੀ, ਸਤਨਾਮ ਸਿੰਘ, ਪ੍ਰੀਤਮ ਸਿੰਘ ਜੌਹਲ, ਸਰਦਾਰਾ ਸਿੰਘ ਸੋਹੀ, ਗੁਰਮੀਤ ਸਿੰਘ ਥੂਹੀ, ਕਿਰਨਜੀਤ ਕੌਰ ਝੁਨੀਰ ਆਦਿ ਨੇ ਵੀ ਹਿੱਸਾ ਲਿਆ ਅਤੇ ਤਰਲੋਚਨ ਸਿੰਘ, ਫਲਜੀਤ ਸਿੰਘ, ਮਨਪ੍ਰੀਤ ਕੌਰ ਰਾਜਪੁਰਾ, ਤਾਰਾ ਸਿੰਘ ਫੱਗੂਵਾਲ, ਲਖਵੀਰ ਸਿੰਘ ਲਾਡੀ, ਸਰਦਾਰਾ ਸਿੰਘ ਸੋਹੀ, ਜਸ਼ਨਦੀਪ ਕੌਰ, ਭਾਈ ਸਤਨਾਮ ਸਿੰਘ ਵੀ ਇਸ ਮੌਕੇ ਹਾਜਰ ਸਨ ਅਤੇ ਸਟੇਜ ਸਕੱਤਰ ਦੀ ਭੂਮਿਕਾ ਦਰਸ਼ਨ ਸਿੰਘ ਧਨੇਠਾ ਨੇ ਨਿਭਾਈ।