ਗੁਲਾਬੀ ਸੁੰਡੀ: ਕਿਸਾਨਾਂ ਨੂੰ 50 ਹਜਾਰ ਰੁਪਏ ਏਕੜ ਮੁਆਵਜ਼ੇ ਦੀ ਮੰਗ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ, 24 ਸਤੰਬਰ 2021- ਕੁੱਲ ਹਿੰਦ ਕਿਸਾਨ ਸਭਾ ਨੇ ਨਰਮਾ ਪੱਟੀ ’ਚ ਗੁਲਾਬੀ ਸੁੰਡੀ ਅਤੇ ਹੋਰ ਕਾਰਨਾ ਕਰਕੇ ਤਬਾਹ ਹੋਈ ਫਸਲ ਨੂੰ ਲੈਕੇ 50 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਅਤੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਦੱਸਿਆ ਕਿ ਬਠਿੰਡਾ, ਮਾਨਸਾ, ਮੁਕਤਸਰ, ਫਾਜ਼ਿਲਕਾ ਅਤੇ ਸੰਗਰੂਰ ਆਦਿ ਜਿਲਿ੍ਹਆਂ ਵਿੱਚ ਨਰਮਾ -ਕਪਾਹ ਦੀ ਫਸਲ ਗੁਲਾਬੀ ਸੁੰਡੀ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਜਿਸ ਦੀ ਚੁਗਾਈ ਤੋਂ ਪਹਿਲਾਂ ਹੀ ਖੇਤ ਵਿੱਚ ਖੜ੍ਹੀ ਫਸਲ ਨੂੰ ਕਿਸਾਨਾਂ ਨੇਂ ਵਾਹੁਣਾ ਸ਼ੁਰੂ ਕਰ ਦਿੱਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸੁੰਡੀ ਦਾ ਹਮਲਾ ਦੋ ਸਾਲ ਪਹਿਲਾਂ ਦਾ ਸ਼ੁਰੂ ਹੋਇਆ ਹੈ ਪਰੰਤੂ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਅਗਾਂਊ ਜਾਣਕਾਰੀ ਦੇਣ ਅਤੇ ਇਸਦੀ ਸਮੇਂ ਸਿਰ ਰੋਕਥਾਮ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜ਼ਾਰ ਵਿੱਚ ਵਿਕ ਰਹੀਆਂ ਜਾਅਲੀ ਕੀਟਨਾਸ਼ਕਾਂ ਨੇ ਕਿਸਾਨਾਂ ਦੇ ਖਰਚਿਆਂ ਵਿੱਚ ਭਾਰੀ ਵਾਧਾ ਕੀਤਾ ਹੈ ਅਤੇ ਇਸ ਸੰਕਟ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਪੂਰੀ ਫਸਲ ਖਤਮ ਹੋਣ ਕਾਰਨ ਮਜ਼ਦੂਰ ਵੀ ਪੂਰੀ ਤਰ੍ਹਾਂ ਰੁਜ਼ਗਾਰ ਤੋਂ ਵਾਂਝਾ ਹੋ ਗਿਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਿਸ਼ੇਸ਼ ਗਿਰਦਾਵਰੀ ਨੂੰ ਪੂਰੀ ਤੇਜੀ ਨਾਲ ਕਰਵਾ ਕੇ ਕਿਸਾਨਾਂ ਨੂੰ ਸੱਠ ਹਜਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਦਸ ਹਜਾਰ ਰੁਪਏ ਪ੍ਰਤੀ ਮਜਦੂਰ ਮੁਆਵਜ਼ਾ ਜਾਰੀ ਕਰੇ।
ਉਨ੍ਹਾਂ ਇਹ ਵੀ ਕਿਹਾ ਕਿ ਕੀਟਨਾਸ਼ਕ ਦਵਾਈਆਂ ਦੀਆਂ ਕੰਪਨੀਆਂ ਅਤੇ ਡੀਲਰਾਂ ਵੱਲੋਂ ਵੇਚੀਆਂ ਜਾ ਰਹੀਆਂ ਜਾਅਲੀ ਦਵਾਈਆਂ ਨੂੰ ਰੋਕਿਆ ਜਾਵੇ ਤੇ ਇਹਨਾਂ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਗਲੇ ਸਾਲ ਤੋਂ ਸੁੰਡੀ ਦੀ ਰੋਕਥਾਮ ਲਈ ਸਖਤ ਕਦਮ ਚੁੱਕੇ ਜਾਣ ਤਾਂ ਕਿ ਨੱਬੇ ਦੇ ਦਹਾਕੇ ਵਾਂਗ ਕਿਸਾਨਾਂ ਦੀ ਫਸਲ ਦਾ ਵਾਰ ਵਾਰ ਨੁਕਸਾਨ ਨਾ ਹੋਵੇ ਅਤੇ ਫਸਲਾਂ ਦੀ ਲਗਾਤਾਰ ਬਰਬਾਦੀ ਕਾਰਨ ਪਹਿਲਾਂ ਹੀ ਕਰਜੇ ਦੇ ਸੰਕਟ ਨਾਲ ਜੂਝ ਰਹੇ ਕਿਸਾਨ ਦੀ ਜਮੀਨਾਂ ਵੇਚਣ ਤੱਕ ਦੀ ਨੌਬਤ ਨਾ ਆਵੇ। ਇਸ ਸਮੇਂ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਲਖਵੀਰ ਸਿੰਘ ਨਿਜਾਮਪੁਰਾ ਅਤੇ ਸੂਬਾ ਸਕੱਤਰ ਕੁਲਵੰਤ ਸਿੰਘ ਮੌਲਵੀਵਾਲਾ ਵੀ ਹਾਜਰ ਸਨ।
--