ਪੀਆਰਟੀਸੀ ਠੇਕਾ ਮੁਲਾਜ਼ਮਾਂ ਗੇਟ ਬੰਦ ਕਰਕੇ ਦਿੱਤਾ ਧਰਨਾ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 24 ਸਤੰਬਰ 2021- ਪੀਆਰਟੀਸੀ ਤੇ ਪਨਬਸ ਦੇ ਠੇਕਾ ਆਊਟਸੋਰਸ ਕਰਮਚਾਰੀਆਂ ਨੇ ਬੱਸ ਸਟੈਂਡ ਦਾ ਮੁੱਖ ਗੇਟ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਕਿ ਮੀਟਿੰਗ ਵਿਚ ਮੁਲਾਜ਼ਮ ਪੱਕੇ ਕਰਨ ਸਮੇਤ ਤਨਖ਼ਾਹਾਂ ਤੇ ਹੋਰ ਬਕਾਏ ਵਿੱਚ ਵਾਧੇ ਦੀ ਮੰਗ ਨੂੰ ਪ੍ਰਵਾਨ ਕੀਤਾ ਗਿਆ ਸੀ। ਪਰ ਮੁੱਖ ਮੰਤਰੀ ਦੇ ਬਦਲਦਿਆਂ ਹੀ ਉਨ੍ਹਾਂ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਸਰਕਾਰ ਵੱਲੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਇਹ ਧਰਨਾ ਲਗਾਇਆ ਗਿਆ ਹੈ। ਉਧਰ ਦੂਜੇ ਪਾਸੇ ਮੁੱਖ ਗੇਟ ਬੰਦ ਰਹਿਣ ਕਾਰਨ ਸਵਾਰੀਆਂ ਨੂੰ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤਕ ਉਨ੍ਹਾਂ ਧਰਨੇ ਮੁਜ਼ਾਹਰੇ ਜਾਰੀ ਰਹਿਣਗੇ।
ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਵਿੱਕੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨਾਲ ਪੁਰਾਣੇ ਮੁੱਖ ਮੰਤਰੀ ਦੇ ਸਮੇਂ ਚੌਦਾਂ ਸਤੰਬਰ ਨੂੰ ਮੀਟਿੰਗ ਚ ਕੀਤੇ ਫ਼ੈਸਲੇ ਨਵੀਂ ਮੁੱਖ ਮੰਤਰੀ ਬਣਨ ਦਾ ਬਹਾਨਾ ਬਣਾ ਕੇ ਟਾਲੇ ਜਾ ਰਹੇ ਹਨ ਜਦੋਂ ਕਿ ਅਧਿਕਾਰੀ ਪਹਿਲਾਂ ਵਾਲੇ ਹਨ ਅਤੇ ਕੁਝ ਫ਼ੈਸਲੇ ਮਹਿਕਮੇ ਪੱਧਰ ਦੇ ਹਨ। ਉਨ੍ਹਾਂ ਕਿਹਾ ਕਿ ਪੱਕਾ ਕਰਨ ਦੀ ਮੰਗ ਨੂੰ ਛੱਡ ਕੇ ਮੀਟਿੰਗ ਚ ਕੀਤੇ ਫ਼ੈਸਲੇ 'ਚ 30 ਫ਼ੀਸਦ ਤਨਖ਼ਾਹਾਂ 'ਚ ਵਾਧਾ ਤੇ ਹਰ ਸਾਲ 5 ਫ਼ੀਸਦ ਵੱਧ 525 ਦੀ ਕਟੌਤੀ ਤੇ ਨੌਕਰੀਓਂ ਫਾਰਗ ਕੀਤੇ ਕਰਮਚਾਰੀਆਂ ਨੂੰ ਤੁਰੰਤ ਬਹਾਲ ਵਰਗੇ ਫੈਸਲਿਆਂ ਤੇ ਸਹਿਮਤੀ ਹੋਈ ਸੀ ਜਿਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਮੁਲਾਜ਼ਮਾਂ ਨੇ ਕਿਸਾਨਾਂ ਦੇ ਸਤਾਈ ਸਤੰਬਰ ਨੂੰ ਬੰਦ ਦੇ ਸੱਦੇ ਦਾ ਵੀ ਸਮਰਥਨ ਕੀਤਾ ਉਥੇ ਹੋਰਨਾਂ ਜਥੇਬੰਦੀਆਂ ਨੂੰ ਵੀ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।ਇਸ ਮੌਕੇ ਸੰਦੀਪ ਗਰੇਵਾਲ, ਕੁਲਦੀਪ ਮੋਮੀ, ਬਲਜਿੰਦਰ ਸਿੰਘ,ਜਲੌਰ ਸਿੰਘ, ਸ਼ਿਵ ਕੁਮਾਰ, ਸੁਖਦੇਵ ਸਿੰਘ, ਰਾਜ ਕੁਮਾਰ, ਰਾਜਵੰਤ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ, ਅਮਰੀਕ ਸਿੰਘ, ਬਾਜ ਸਿੰਘ ਆਦਿ ਹਾਜ਼ਰ ਸਨ।