ਫ਼ਤਹਿਗੜ੍ਹ ਸਾਹਿਬ, 26 ਫਰਵਰੀ 2021 - ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਭਗਤ ਰਵਿਦਾਸ ਜੀ ਦੀ ਬਾਣੀ ਦਾ ਅਧਿਆਤਮਕ ਪੱਖ’ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਡਾ. ਕਿਰਨਦੀਪ ਕੌਰ, ਮੁਖੀ, ਧਰਮ ਅਧਿਐਨ ਵਿਭਾਗ ਨੇ ਸ਼ਾਮਿਲ ਹੋਏ ਮੁਖ ਬੁਲਾਰੇ ਡਾ. ਗੁਰਮੀਤ ਸਿੰਘ ਸਿੱਧੂ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਆਏ ਹੋਏ ਸਰੋਤਿਆਂ ਨੂੰ ਜੀ ਆਇਆਂ ਆਖਿਆ।ਇਸ ਲੈਕਚਰ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਕੀਤੀ।
ਡਾ. ਸਿੰਘ ਨੇ ਕਿਹਾ ਕਿ ਸਾਨੂੰ ਭਗਤ ਰਵਿਦਾਸ ਜੀ ਦੀ ਬਾਣੀ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਤੋਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਬਾਣੀ ਤੋਂ ਇਹੋ ਸੇਧ ਮਿਲਦੀ ਹੈ ਕਿ ਸਾਰੇ ਮਨੁਖ ਇਕ ਪਰਮਾਤਮਾ ਦੀ ਜੋਤ ਹੋਣ ਕਰਕੇ ਉਸੇ ਦੀ ਹੀ ਸੰਤਾਨ ਹਨ, ਇਸੇ ਲਈ ਸਾਨੂੰ ਆਪਸ ਵਿੱਚ ਕਿਸੇ ਪ੍ਰਕਾਰ ਦਾ ਭੇਦ-ਭਾਵ ਜਾਂ ਵਿਤਕਰਾ ਨਹੀਂ ਕਰਨਾ ਚਾਹੀਦਾ। ਇਸ ਸਮਾਗਮ ਵਿੱਚ ਵਿਸ਼ੇਸ਼ ਵਕਤਾ ਡਾ. ਗੁਰਮੀਤ ਸਿੰਘ ਸਿੱਧੂ ਨੇ ਭਗਤ ਰਵਿਦਾਸ ਜੀ ਦੀ ਬਾਣੀ ਦੇ ਅਧਿਆਤਮਕ ਪੱਖ ਉਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਭਗਤ ਰਵਿਦਾਸ ਜੀ ਨੇ ਸਚੀ ਸੁਚੀ ਕਿਰਤ ਕਰਦਿਆਂ ਪਰਮਾਤਮਾ ਦੀ ਬੰਦਗੀ ਕਰਕੇ ਸਮਾਜ ਵਿੱਚ ਅਹਿਮ ਰੁਤਬਾ ਹਾਸਲ ਕੀਤਾ। ਡਾ. ਸਿਧੂ ਨੇ ਭਗਤ ਰਵਿਦਾਸ ਜੀ ਦੇ ਬੇਗਮਪੁਰਾ ਸਿਧਾਂਤ ਨੂੰ ਦਰਸਾਉਂਦਿਆ ਕਿਹਾ ਕਿ ਮੌਜੂਦਾ ਸਮਾਜ ਦੀ ਸਿਰਜਨਾ ਬੇਗਮਪੁਰਾ ਦੇ ਅਧਾਰ ਉਤੇ ਹੋਣੀ ਚਾਹੀਦੀ ਹੈ। ਬੇਗਮਪੁਰਾ ਭਾਵ ਜਿਥੇ ਕਿਸੇ ਪ੍ਰਕਾਰ ਦਾ ਦੁਖ, ਗਮ ਤੇ ਚਿੰਤਾ ਨਹੀਂ ਹੈ। ਲੈਕਚਰ ਦੇ ਅੰਤ ਵਿਚ ਡਾ. ਹਰਦੇਵ ਸਿੰਘ, ਸਹਾਇਕ ਪ੍ਰੌਫੈਸਰ, ਧਰਮ ਅਧਿਐਨ ਵਿਭਾਗ ਨੇ ਸ਼ਿਰਕਤ ਕਰਨ ਵਾਲੇੇ ਵਿਸ਼ੇਸ਼ ਵਕਤਾ, ਵਾਈਸ-ਚਾਂਸਲਰ, ਸ਼ਾਮਿਲ ਹੋਏ ਸਰੋਤਿਆਂ ਅਤੇ ਵਿਿਦਆਰਥੀਆਂ ਦਾ ਧੰਨਵਾਦ ਕੀਤਾ।