ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 25 ਫਰਵਰੀ 2021: ਜ਼ਿਲ੍ਹਾ ਕਪੂਰਥਲਾ ਦੇ ਅਧੀਨ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਇੱਕ ਨਾਕੇ ਤੇ ਇੱਕ ਟਰੱਕ ਦੀ ਚੈਕਿੰਗ ਦੌਰਾਨ ਉਸ ਵਿਚੋਂ 5 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ਚ ਪੁਲਿਸ ਨੇ ਟਰੱਕ ਡਰਾਈਵਰ ਨੂੰ ਕਾਬੂ ਕਰਕੇ ਉਸ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੌਧਰੀਆਂ ਦੇ ਐਸ ਐਚ ਓ ਸਬ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਪਿੰਡ ਦੰਦੂਪੁਰ ਦੇ ਕੋਲ ਮੌਜੂਦ ਸੀ ਤਾ ਮੁੰਡੀ ਮੌੜ ਵਾਲੀ ਸਾਇਡ ਤੋ ਇੱਕ ਟਰੱਕ ਨੰਬਰੀ ਪੀ ਬੀ 06-ਜੀ-2778 ਆਉਦਾ ਦਿਖਾਈ ਦਿੱਤਾ। ਜਿਸ ਦੀ ਚੈਕਿੰਗ ਲਈ ਪੁਲਿਸ ਪਾਰਟੀ ਵਲੋਂ ਟਰੱਕ ਨੂੰ ਰੋਕਿਆ ਗਿਆ ਅਤੇ ਚੈਕਿੰਗ ਦੇ ਦੌਰਾਨ ਡਰਾਇਵਰ ਸੀਟ ਦੇ ਥੱਲੇ ਇੱਕ ਪਲਾਸਟਿਕ ਬੋਰਾ ਪਿਆ ਦਿਖਾਈ ਦਿੱਤਾ। ਜਿਸਨੂੰ ਖੋਲਕੇ ਚੈਕ ਕੀਤਾ ਗਿਆ ਤਾਂ ਉਸ ਵਿੱਚੋ 05 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ। ਐਸ.ਐਚ.ਓ. ਨੇ ਦੱਸਿਆ ਕਿ ਮਾਮਲੇ ਚ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਸੁਰਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਹਰਭਜਨ ਸਿੰਘ ਵਾਸੀ ਭਵਾਨੀਪੁਰ ਥਾਣਾ ਫੱਤੁਢੀਂਗਾ ਖਿਲਾਫ 15-61-85 ਐਨ ਡੀ ਪੀ ਐਸ ਐਕਟ ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।