Election Sp[ecial : ਡੇਰਾ ਸਿਰਸਾ ਪੈਰੋਕਾਰਾਂ ਦੀ ਸਿਆਸੀ ਨਬਜ਼ ਟੋਹਣ ਦੀ ਚਰਚਾ ਤੋਂ ਮੁਸਤੈਦ ਹੋਈਆਂ ਖੁਫੀਆ ਏਜੰਸੀਆਂ
ਮਾਮਲਾ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ
ਅਸ਼ੋਕ ਵਰਮਾ
ਬਠਿੰਡਾ,2 ਦਸੰਬਰ 2025: ਪੰਜਾਬ ਵਿੱਚ ਕਰਵਾਈਆਂ ਜਾ ਰਹੀਆਂ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਨੇ ਡੇਰਾ ਸਿਰਸਾ ਪੈਰੋਕਾਰਾਂ ਦੀ ਸਿਆਸੀ ਨਬਜ ਟੋਹਣੀ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਦੇਖਦਿਆਂ ਪੰਜਾਬ ਅਤੇ ਕੇਂਦਰੀ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ। ਹੁਣ ਜਦੋਂ ਮਿਸ਼ਨ 2027 ਤੋਂ ਪਹਿਲਾਂ ਪਿੰਡਾਂ ’ਚ ਸਿਆਸੀ ਦੰਗਲ ਹੋਣ ਜਾ ਰਿਹਾ ਹੈ ਤਾਂ ਸਿਆਸੀ ਧਿਰਾਂ ਦੀ ਡੇਰਾ ਸਿਰਸਾ ਦੇ ਵੋਟ ਬੈਂਕ ਤੇ ਅੱਖ ਹੈ। ਹਾਲਾਂਕਿ ਸਿਆਸੀ ਵਿੰਗ ਭੰਗ ਹੋਣ ਤੋਂ ਬਾਅਦ ਡੇਰਾ ਸਿਰਸਾ ਦੀਆਂ ਸਿਆਸੀ ਸਰਗਰਮੀਆਂ ਬੰਦ ਵਾਂਗ ਹਨ ਪਰ ਕੱਲੀ ਕੱਲੀ ਵੋਟ ਨਿਰਣਾਇਕ ਹੋਣ ਨੂੰ ਦੇਖਦਿਆਂ ਉਮੀਦਵਾਰਾਂ ਅਤੇ ਸਮਰਥਕਾਂ ਨੇ ਚੁੱਪ ਚੁੱਪੀਤੇ ਸਥਾਨਕ ਡੇਰਾ ਆਗੂਆਂ ਦੇ ਬੂਹੇ ਖੜਕਾਉਣੇ ਸ਼ੁਰੂ ਕਰ ਦਿੱਤੇ ਹਨ। ਮਾਲਵੇ ਦੇ ਪੇਂਡੂ ਖੇਤਰਾਂ ’ਚ ਡੇਰਾ ਸਿਰਸਾ ਦੀ ਤਕੜੀ ਪੈਂਠ ਮੰਨੀ ਜਾਂਦੀ ਹੈ ਜੋ ਤਕਰੀਬਨ ਹਰ ਛੋਟੀ ਵੱਡੀ ਚੋਣ ਦੌਰਾਨ ਅਹਿਮ ਸਾਬਤ ਹੁੰਦੀ ਹੈ।
ਰੌਚਕ ਪਹਿਲੂ ਇਹ ਵੀ ਹੈ ਕਿ ਸਿਆਸੀ ਵਿੰਗ ਖਤਮ ਹੋਣ ਦੇ ਬਾਵਜੂਦ ਡੇਰਾ ਪੈਰੋਕਾਰਾਂ ਦੀ ਬੱਝਵੀਂ ਵੋਟ ਲੀਡਰਾਂ ਨੂੰ ਭਰਮਾਉਂਦੀ ਰਹਿੰਦੀ ਹੈ। ਇਹੋ ਕਾਰਨ ਹੈ ਕਿ ਸਥਾਨਕ ਪੱਧਰ ਤੇ ਹੁਣੇ ਤੋਂ ਹੀ ਡੇਰਾ ਪ੍ਰੇਮੀਆਂ ਨੂੰ ਸ਼ੀਸ਼ੇ ’ਚ ਉਤਾਰਨ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਗਈ ਹੈ।ਸਮਾਂ ਘੱਟ ਹੋਣ ਕਾਰਨ ਉਮੀਦਵਾਰ ਇਹ ਕੰਮ ਜਲਦੀ ਨਿਪਟਾਉਣ ਦੇ ਰੌਂਅ ’ਚ ਹਨ। ਬਠਿੰਡਾ ਜਿਲ੍ਹੇ ’ਚ ਭਾਜਪਾ ਦੇ ਕਈ ਆਗੂਆਂ ਨੇ ਇੱਕ ਸੀਨੀਅਰ ਡੇਰਾ ਆਗੂ ਪ੍ਰਬੰਧਕ ਨਾਲ ਰਾਬਤਾ ਬਣਾਇਆ ਹੈ। ਮਾਨਸਾ ਜਿਲ੍ਹੇ ਵਿੱਚ ਵੀ ਕੁੱਝ ਉਮੀਦਵਾਰ ਡੇਰਾ ਪ੍ਰੇਮੀਆਂ ਦੀ ਹਮਾਇਤ ਲਈ ਸਰਗਰਮ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਮੁਕਤਸਰ ਜਿਲ੍ਹੇ ਦੇ ਕੁੱਝ ਨੇਤਾ ਤਾਂ ਡੇਰਾ ਸਿਰਸਾ ਤੱਕ ਪਹੁੰਚ ਕਰਨ ਦੀਆਂ ਤਿਆਰੀਆਂ ਵਿੱਚ ਦੱਸੇ ਜਾਂਦੇ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਹਾਲ ਦੀ ਘੜੀ ਡੇਰਾ ਪੈਰੋਕਾਰ ਕਿਸੇ ਵੀ ਧਿਰ ਨੂੰ ਬਾਂਹ ਨਹੀਂ ਫੜਾ ਰਹੇ ਹਨ।
ਇਸ ਪੱਤਰਕਾਰ ਵੱਲੋਂ ਲਏ ਜਾਇਜੇ ਅਨੁਸਾਰ ਪਹਿਲੀ ਦਫ਼ਾ ਏਦਾਂ ਹੋਇਆ ਕਿ ਡੇਰਾ ਪ੍ਰੇਮੀਆਂ ਨੇ ਸਿਆਸੀ ਧਿਰਾਂ ਤੋਂ ਗੁਰੇਜ਼ ਕੀਤਾ ਹੈ ਅਤੇ ਪਹਿਲਾਂ ਵਾਂਗ ਹਾਲੇ ਤੱਕ ਬਾਹਰੀ ਤੌਰ ’ਤੇ ਉਤਸ਼ਾਹ ਵੀ ਨਹੀਂ ਦਿਖਾਇਆ। ਸੂਤਰ ਦੱਸਦੇ ਹਨ ਕਿ ਡੇਰਾ ਸਿਰਸਾ ਤਰਫ਼ੋਂ ਗੁਪਤ ਸੰਦੇਸ਼ ਰਾਹੀਂ ਡੇਰਾ ਪੈਰੋਕਾਰਾਂ ਦੀ ਪਿੰਡ ਪੱਧਰੀ ਲੀਡਰਸ਼ਿਪ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਉਹ ਕਿਸੇ ਵੀ ਸਿਆਸੀ ਧਿਰ ਦੇ ਯੱਕੇ ’ਚ ਬੈਠਣ ਤੋਂ ਗੁਰੇਜ਼ ਕਰਨ ਤਾਂਜੋ ਸਮਾਜਿਕ ਸਬੰਧਾਂ ‘ਚ ਕੋਈ ਤਰੇੜ ਨਾਂ ਆਵੇ। ਇਸ ਨੂੰ ਦੇਖਦਿਆਂ ਜਿੱਥੇ ਸਿਆਸੀ ਧਿਰਾਂ ਡੇਰਾ ਪ੍ਰੇਮੀਆਂ ਨੂੰ ਚੋਗਾ ਪਾਉਣ ਦੇ ਯਤਨਾਂ ’ਚ ਹਨ ਉਥੇ ਹੀ ਸੀਆਈਡੀ ਇਹ ਪਤਾ ਲਾਉਣ ’ਚ ਜੁਟ ਗਈ ਹੈ ਕਿ ਡੇਰਾ ਸ਼ਰਧਾਲੂਆਂ ਦਾ ਅਗਲਾ ਪੈਂਤੜਾ ਕਿਹੜਾ ਹੋ ਸਕਦਾ ਹੈ। ਇੱਕ ਡੇਰਾ ਸ਼ਰਧਾਲੂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਲਾਹ ਵੋਟਾਂ ਆਪੋ ਆਪਣੀ ਮਰਜੀ ਨਾਲ ਪਾਉਣ ਦੀ ਹੈ ਬਾਕੀ ਮੌਕਾ ਦੱਸੇਗਾ।
ਗੌਰਤਲਬ ਹੈ ਕਿ 2007 ’ਚ ਡੇਰਾ ਸਿਰਸਾ ਨੇ ਕਾਂਗਰਸ ਦੀ ਨੰਗੀ ਚਿੱਟੀ ਹਮਾਇਤ ਕੀਤੀ ਸੀ । ਉਸ ਮਗਰੋਂ ਡੇਰਾ ਸਿਰਸਾ ਦੋ ਵਾਰੀ ਅਕਾਲੀ ਦਲ ਦੇ ਹੱਕ ’ਚ ਵੀ ਭੁਗਤ ਚੁੱਕਿਆ ਹੈ। ਸਿਆਸੀ ਫੈਸਲੇ ਨਸ਼ਰ ਕਰਕੇ ਡੇਰਾ ਪੈਰੋਕਾਰਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦਿਆਂ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਸਮੂਹ ਸਿਆਸੀ ਵਿੰਗ ਭੰਗ ਕਰ ਦਿੱਤੇ ਸਨ। ਇਸ ਮਗਰੋਂ ਡੇਰਾ ਸਿਰਸਾ ਤਕਰੀਬਨ ਹਰ ਚੋਣ ਮੌਕੇ ਸਿਆਸੀ ਟਕਰਾਅ ਤੋਂ ਪਾਸਾ ਵੱਟਦਾ ਆ ਰਿਹਾ ਹੈ। ਤਾਂਹੀ ਹੁਣ ਲੀਡਰ ਅਤੇ ਪੰਜਾਬ ਸਰਕਾਰ ਪ੍ਰੇਮੀਆਂ ਦੇ ਸਿਆਸੀ ਪੱਤਿਆਂ ਦੀ ਸੂਹ ਲਾਉਣ ਦੇ ਚੱਕਰਾਂ ਵਿੱਚ ਹੈ। ਦੱਸ ਦੇਈਏ ਕਿ ਪਿੰਡਾਂ ਖਾਸ ਤੌਰ ਤੇ ਕਈ ਜਿਲ੍ਹਾ ਪੀ੍ਰਸ਼ਦ ਹਲਕਿਆਂ ਵਿੱਚ ਡੇਰਾ ਸ਼ਰਧਾਲੂ ਵੱਡੀ ਗਿਣਤੀ ਵਿੱਚ ਹਨ। ਇੱਕ ਅੱਧ ਨੂੰ ਛੱਡਕੇ ਤਕਰੀਬਨ ਸਮੂਹ ਸਿਆਸੀ ਧਿਰਾਂ ਨੂੰ ਡੇਰਾ ਪੈਰੋਕਾਰਾਂ ਤੋਂ ਥਾਪੜੇ ਦੀ ਝਾਕ ਹੈ।
ਹੁਣ ਅੱਗਿਓਂ ਕੀ ਸਿੱਟਾ ਨਿਕਲਦਾ ਹੈ ਇਹ ਤਾਂ ਗਿਣਤੀ ਤੋਂ ਬਾਅਦ ਹੀ ਸਾਹਮਣੇ ਆਏਗਾ ਪਰ ਡੇਰਾ ਪ੍ਰੇਮੀਆਂ ਵੱਲੋਂ ਸਿਉਂਤੇ ਬੁੱਲ੍ਹਾਂ ਨੇ ਚੋਣ ਲੜਨ ਦੇ ਚਾਹਵਾਨਾਂ ਨੂੰ ਧੁੜਕੂ ਲਾਇਆ ਹੋਇਆ ਹੈ। ਸੂਤਰ ਆਖਦੇ ਹਨ ਕਿ ਹਾਕਮ ਧਿਰ ਦੇ ਇੱਕ ਆਗੂ ਨੇ ਡੇਰਾ ਪ੍ਰੇਮੀਆਂ ਦੇ ਸਿਆਸੀ ਵਜ਼ਨ ਤੋਂ ਜਾਣੂ ਕਰਾਇਆ ਹੈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਆਗੂ ਨੇ ਸਿਆਸੀ ਲਾਹੇ ਲਈ ਡੇਰਾ ਸਿਰਸਾ ਪੈਰੋਕਾਰਾਂ ਨਾਲ ਤਾਲਮੇਲ ਬਿਠਾਉਣ ਦੀ ਲੋੜ ਤੇ ਜੋਰ ਦਿੱਤਾ ਹੈ। ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਇਸ ਵਕਤ ਡੇਰਾ ਸਿਰਸਾ ਦੀ ਤਿੱਖੀ ਆਲੋਚਨਾ ਕਰਨ ਵਾਲਿਆਂ ਨੂੰ ਚੋਣ ਅਮਲ ਤੋਂ ਦੂਰ ਰੱਖਣ ਦੀ ਲੋੜ ਹੈ। ਇਸੇ ਤਰਾਂ ਕਾਂਗਰਸ ਵੀ ਡੇਰਾ ਪ੍ਰੇਮੀਆਂ ਵੱਲੋਂ ਤੁਣਕਾ ਸੁੱਟਣ ਪ੍ਰਤੀ ਆਸਵੰਦ ਹੈ ਜਦੋਂਕਿ ਅਕਾਲੀ ਦਲ ਵੋਟਾਂ ਤਾਂ ਚਾਹੁੰਦਾ ਹੈ ਪਰ ਧਾਰਮਿਕ ਝਮੇਲੇ ਤੋਂ ਡਰਦਾ ਹੈ।
ਇੱਕ ਮੋਰੀ ਲੰਘਦੇ ਡੇਰਾ ਪ੍ਰੇਮੀ
ਡੇਰਾ ਸੱਚਾ ਸੌਦਾ ਦਾ ਮਾਲਵੇ ਦੇ 69 ਵਿਧਾਨ ਸਭਾ ਹਲਕਿਆਂ ਚੋਂ 40 ਤੋਂ 43 ’ਤੇ ਜਬਰਦਸਤ ਪ੍ਰਭਾਵ ਹੈ । ਚਾਹੇ ਕੋਈ ਕੁੱਝ ਕਹੀ ਜਾਏ ਡੇਰਾ ਪ੍ਰੇਮੀ ਹਮੇਸ਼ਾ ਇੱਕ ਮੋਰੀ ਨਿਕਲਦੇ ਰਹੇ ਹਨ। ਡੇਰਾ ਮੁਖੀ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਵੀ ਡੇਰਾ ਪ੍ਰੇਮੀਆਂ ਦੀ ਏਕਤਾ ’ਚ ਰਤਾ ਵੀ ਫਰਕ ਨਹੀਂ ਪਿਆ ਹੈ ਜੋ ਨੇਤਾਵਾਂ ਨੂੰ ਚੁੰਬਕ ਵਾਂਗ ਖਿੱਚ੍ਹਦਾ ਰਹਿੰਦਾ ਹੈ।